ਥਾਈਲੈਂਡ ਘੁੰਮਣ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਆਈ ਇਹ ਖ਼ੁਸ਼ਖ਼ਬਰੀ
Saturday, Sep 11, 2021 - 08:36 AM (IST)
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਵਿਚ ਲੋਕਾਂ ਨੂੰ ਲੰਮੇ ਸਮੇਂ ਤੱਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਹੁਣ ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਵਿਚਕਾਰ ਹਰ ਕੋਈ ਨਵੇਂ ਸਾਲ ਅਤੇ ਕ੍ਰਿਸਮਿਸ 'ਤੇ ਘਰੇਲੂ ਅਤੇ ਵਿਦੇਸ਼ੀ ਸੈਰ-ਸਪਾਟੇ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿਚਕਾਰ ਜੇਕਰ ਤੁਸੀਂ ਥਾਈਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਥਾਈਲੈਂਡ ਨੇ ਭਾਰਤ ਸਣੇ ਦੁਨੀਆ ਭਰ ਦੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਹੁਣ ਪੂਰੀ ਤਰ੍ਹਾਂ ਟੀਕਾਕਰਨ ਕਰਾ ਚੁੱਕੇ ਵਿਦੇਸ਼ੀ ਯਾਤਰੀ 1 ਅਕਤੂਬਰ ਤੋਂ ਥਾਈਲੈਂਡ ਘੁੰਮਣ ਜਾ ਸਕਦੇ ਹਨ। ਥਾਈਲੈਂਡ ਦੀ ਸੈਰ-ਸਪਾਟਾ ਅਥਾਰਟੀ ਅਨੁਸਾਰ, ਵਿਦੇਸ਼ੀ ਸੈਲਾਨੀ ਹੁਣ ਦੋ ਹਫ਼ਤਿਆਂ ਦੇ ਹੋਟਲ ਕੁਆਰੰਟੀਨ ਤੋਂ ਬਿਨਾਂ ਬੈਂਕਾਕ ਅਤੇ ਚਾਰ ਹੋਰ ਸੂਬਿਆਂ ਦੀ ਸੈਰ ਕਰ ਸਕਣਗੇ।
ਇਹ ਵੀ ਪੜ੍ਹੋ- ਗੰਨੇ ਦੇ ਮੁੱਲ 'ਚ ਹਰਿਆਣਾ ਨੇ ਫਿਰ ਮਾਰੀ ਬਾਜ਼ੀ, ਪੰਜਾਬ ਤੋਂ ਵੱਧ ਕੀਤਾ ਮੁੱਲ
ਇਸ ਦੇ ਨਾਲ ਹੀ ਇਕ ਸ਼ਰਤ ਇਹ ਹੋਵੇਗੀ ਕਿ ਸੈਲਾਨੀਆਂ ਨੂੰ ਥਾਈਲੈਂਡ ਪਹੁੰਚਣ 'ਤੇ ਸੱਤ ਦਿਨਾਂ ਤੱਕ ਇਕ ਨਿਸ਼ਚਿਤ ਖੇਤਰ ਵਿਚ ਹੀ ਰਹਿਣਾ ਹੋਵੇਗਾ ਅਤੇ ਕੋਵਿਡ ਟੈਸਟ ਦੇਣਾ ਹੋਵੇਗਾ। 21 ਅਕਤੂਬਰ ਤੋਂ ਥਾਈਲੈਂਡ ਚਿਯਾਂਗ ਰਾਇ, ਸੁਖੋਥਾਈ ਅਤੇ ਰੇਯੋਂਗ ਸਣੇ ਹੋਰ ਥਾਂ ਵੀ ਸੈਰ-ਸਪਾਟਾ ਲਈ ਖੋਲ੍ਹੇਗਾ। ਗੌਰਤਲਬ ਹੈ ਕਿ ਥਾਈਲੈਂਡ ਦੀ ਅਰਥਵਿਵਸਥਾ ਵਿਚ ਟੂਰਿਜ਼ਮ ਸੈਕਟਰ ਤੋਂ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਹੈ ਪਰ ਮਹਾਮਾਰੀ ਕਾਰਨ ਇਸ ਨੂੰ ਵੱਡਾ ਨੁਕਸਾਨ ਪੁੱਜਾ ਹੈ। ਉੱਥੇ ਹੀ, ਬ੍ਰਿਟੇਨ ਤੇ ਅਮਰੀਕਾ ਨੇ ਵੱਧ ਰਹੇ ਮਾਮਲਿਆਂ ਦੀ ਗਿਣਤੀ ਤੇ ਘੱਟ ਟੀਕਾਕਰਨ ਦਰ ਕਾਰਨ ਆਪਣੇ ਲੋਕਾਂ ਨੂੰ ਥਾਈਲੈਂਡ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਹਾਲੇ ਤੱਕ 16 ਫ਼ੀਸਦੀ ਥਾਈ ਆਬਾਦੀ ਦਾ ਹੀ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ, ਜਦੋਂ ਕਿ ਡੈਲਟਾ ਸੰਕਰਮਣ ਕਾਰਨ ਚਿੰਤਾ ਬਰਕਰਾਰ ਹੈ। ਸ਼ੁੱਕਰਵਾਰ ਨੂੰ ਇਸ ਨੇ 14,403 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ, ਜਦੋਂ ਕਿ 189 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਹੁਣ ਪੰਜਾਬ ਤੋਂ ਲਓ ਇਟਲੀ ਦੀ ਸਿੱਧੀ ਉਡਾਣ, ਨਹੀਂ ਕਰਨਾ ਹੋਵੇਗਾ ਲੰਮਾ ਇੰਤਜ਼ਾਰ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ