ਜੀਵਨ ਬੀਮਾ ਪਲਾਨ ਲੈਣਾ ਜਲਦ ਹੋ ਸਕਦਾ ਹੈ 20 ਫ਼ੀਸਦੀ ਤੱਕ ਮਹਿੰਗਾ
Tuesday, Mar 02, 2021 - 11:06 AM (IST)
ਨਵੀਂ ਦਿੱਲੀ- ਜਲਦ ਹੀ ਟਰਮ ਪਲਾਨ ਯਾਨੀ ਜੀਵਨ ਬੀਮਾ ਪਲਾਨ 20 ਫ਼ੀਸਦੀ ਤੱਕ ਮਹਿੰਗਾ ਹੋ ਸਕਦਾ ਹੈ। ਦਰਅਸਲ, ਜ਼ਿਆਦਾਤਰ ਬੀਮਾ ਕੰਪਨੀਆਂ ਟਰਮ ਪਲਾਨ ਦਾ ਪ੍ਰੀਮੀਅਮ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੀ ਵਜ੍ਹਾ ਹੈ ਕਿ ਦੇਸ਼ ਦੀਆਂ ਕਈ ਰੀ-ਇੰਸ਼ੋਰੈਂਸ ਕੰਪਨੀਆਂ ਆਪਣੀਆਂ ਦਰਾਂ ਵਧਾ ਚੁੱਕੀਆਂ ਹਨ। ਇਹ ਕੰਪਨੀਆਂ ਜੀਵਨ ਬੀਮਾ ਕੰਪਨੀਆਂ ਦੇ ਜੋਖਮ ਦਾ ਇੰਸ਼ੋਰੈਂਸ ਕਰਦੀਆਂ ਹਨ।
ਰੀ-ਇੰਸ਼ੋਰੈਂਸ ਕੰਪਨੀਆਂ ਵੱਲੋਂ ਦਰਾਂ ਵਧਾਉਣ ਨਾਲ ਬੀਮਾ ਕੰਪਨੀਆਂ 'ਤੇ ਦਬਾਅ ਵਧਿਆ ਹੈ। ਉੱਥੇ ਹੀ, ਦੂਜੇ ਪਾਸੇ ਕੋਰੋਨਾ ਸੰਕਟ ਕਾਰਨ ਬੀਮਾ ਕੰਪਨੀਆਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕਲੇਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਮਾ ਕੰਪਨੀਆਂ ਵਿਚ ਵਧੀ ਲਾਗਤ ਨੂੰ ਖ਼ੁਦ ਸਹਿਣ ਦੀ ਸਮਰੱਥਾ ਨਹੀਂ ਹੈ, ਅਜਿਹੇ ਵਿਚ ਬੀਮਾ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਲਦ ਹੀ ਬੀਮਾ ਕੰਪਨੀਆਂ ਪ੍ਰੀਮੀਅਮ ਵਧਾਉਣ ਦਾ ਐਲਾਨ ਕਰ ਸਕਦੀਆਂ ਹਨ।
1 ਅਪ੍ਰੈਲ ਤੋਂ ਮਹਿੰਗਾ ਹੋਣ ਦੀ ਸੰਭਾਵਨਾ
ਬੀਮਾ ਏਜੰਟਾਂ ਅਤੇ ਇੰਸ਼ੋਰੈਂਸ ਡਿਸਟ੍ਰੀਬਿਊਟਰਾਂ ਮੁਤਾਬਕ, ਕੰਪਨੀਆਂ ਨੇ 1 ਅਪ੍ਰੈਲ 2021 ਤੋਂ ਪ੍ਰੀਮੀਅਮ ਵਿਚ ਵਾਧਾ ਕਰਨ ਦਾ ਸੰਕੇਤ ਦਿੱਤਾ ਹੈ। ਉਸੇ ਸਮੇਂ ਰੀ-ਇੰਸ਼ੋਰੈਂਸ ਕੰਪਨੀਆਂ ਦੇ ਨਵੇਂ ਸਮਝੌਤੇ ਵੀ ਲਾਗੂ ਹੋਣਗੇ, ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿਚ ਕੰਪਨੀਆਂ ਪ੍ਰੀਮੀਅਮ ਵਿਚ ਵਾਧਾ ਕਰ ਸਕਦੀਆਂ ਹਨ।