ਨਿੱਜੀ ਕਰਮਚਾਰੀਆਂ ਦੇ 25 ਲੱਖ ਰੁਪਏ ਦੇ ਲੀਵ ਐਨਕੈਸ਼ਮੈਂਟ ’ਤੇ ਮਿਲੇਗੀ ਟੈਕਸ ਛੋਟ
Friday, May 26, 2023 - 12:05 PM (IST)
ਨਵੀਂ ਦਿੱਲੀ (ਭਾਸ਼ਾ) – ਬਜਟ ’ਚ ਕੀਤੇ ਗਏ ਐਲਾਨ ਮੁਤਾਬਕ ਵਿੱਤ ਮੰਤਰਾਲਾ ਨੇ ਨਿੱਜੀ ਖੇਤਰ ਦੇ ਤਨਖਾਹਦਾਰ ਕਰਮਚਾਰੀਆਂ ਲਈ ਰਿਟਾਇਰਮੈਂਟ ’ਤੇ ਮਿਲਣ ਵਾਲੀ ਛੁੱਟੀ ਦੇ ਸਬੰਧ ’ਚ ਨਕਦ ਰਾਸ਼ੀ ‘ਲੀਵ ਐਨਕੈਸ਼ਮੈਂਟ’ ’ਤੇ ਟੈਕਸ ਛੋਟ ਲਿਮਟ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਹੈ। ਹੁਣ ਤੱਕ ਗੈਰ-ਸਰਕਾਰੀ ਕਰਮਚਾਰੀਆਂ ਨੂੰ ਲੀਵ ਐਨਕੈਸ਼ਮੈਂਟ ਯਾਨੀ ਛੁੱਟੀਆਂ ਦੇ ਸਬੰਧ ਵਿਚ ਮਿਲਣ ਵਾਲੀ ਨਕਦ ਰਾਸ਼ੀ ’ਤੇ ਟੈਕਸ ਛੋਟ ਦੀ ਲਿਮਟ 3 ਲੱਖ ਰੁਪਏ ਹੀ ਸੀ। ਇਹ ਲਿਮਟ ਸਾਲ 2002 ਵਿਚ ਤੈਅ ਕੀਤੀ ਗਈ ਸੀ ਜਦੋਂ ਸਰਕਾਰੀ ਖੇਤਰ ’ਚ ਵੱਧ ਤੋਂ ਵੱਧ ਤਨਖਾਹ 30000 ਰੁਪਏ ਪ੍ਰਤੀ ਮਹੀਨਾ ਹੀ ਹੁੰਦੀ ਸੀ।
ਇਹ ਵੀ ਪੜ੍ਹੋ : ਜਾਅਲੀ ਦਸਤਾਵੇਜ਼ਾਂ ’ਤੇ ਸਿਮ ਕਾਰਡ ਵੇਚਣ ਵਾਲੇ ਡਿਸਟ੍ਰੀਬਿਊਟਰਾਂ/ਏਜੰਟਾਂ ਵਿਰੁੱਧ ਵੱਡੀ ਕਾਰਵਾਈ ; 17 ਗ੍ਰਿਫ਼ਤਾਰ
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਇਨਕਮ ਟੈਕਸ ਐਕਟ ਦੀ ਧਾਰਾ 10 (10 ਏ. ਏ.) (2) ਦੇ ਤਹਿਤ ਟੈਕਸ ਛੋਟ ਦੀ ਕੁੱਲ ਲਿਮਟ 25 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ। ਇਹ ਧਾਰਾ ਗੈਰ-ਸਰਕਾਰੀ ਕਰਮਚਾਰੀਆਂ ਨੂੰ ਮਾਲਕ ਤੋਂ ਮਿਲਣ ਵਾਲੇ ਭੁਗਤਾਨ ਨਾਲ ਸਬੰਧਤ ਹੈ।
ਸੀ. ਬੀ. ਡੀ. ਟੀ. ਨੇ ਕਿਹਾ ਕਿ ਗੈਰ-ਸਰਕਾਰੀ ਕਰਮਚਾਰੀਆਂ ਨੂੰ ਲੀਵ ਐਨਕੈਸ਼ਮੈਂਟ ਦੇ ਸਬੰਧ ਵਿਚ ਮਿਲਣ ਵਾਲੀ ਵੱਧ ਤੋਂ ਵੱਧ 25 ਲੱਖ ਰੁਪਏ ਦੀ ਰਾਸ਼ੀ ’ਤੇ ਟੈਕਸ ਛੋਟ ਦੀ ਵਿਵਸਥਾ ਇਕ ਅਪ੍ਰੈਲ, 2023 ਤੋਂ ਲਾਗੂ ਹੋਵੇਗੀ। ਇਸ ਬਾਰੇ ਐਲਾਨ ਵਿੱਤੀ ਸਾਲ 2023-24 ਦੇ ਬਜਟ ਪ੍ਰਸਤਾਵ ਵਿਚ ਕੀਤੀ ਗਈ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ’ਚ ਕਿਹਾ ਸੀ ਕਿ ਗੈਰ-ਸਰਕਾਰੀ ਖੇਤਰ ਦੇ ਕਰਮਚਾਰੀਆਂ ਲਈ ਲੀਵ ਐਨਕੈਸ਼ਮੈਂਟ ਵਜੋਂ ਮਿਲਣ ਵਾਲੀ ਰਾਸ਼ੀ ’ਤੇ ਛੋਟ ਦੀ ਲਿਮਟ ਨੂੰ 3 ਲੱਖ ਤੋਂ ਵਧਾ ਕੇ 25 ਲੱਖ ਰੁਪਏ ਕੀਤਾ ਜਾਏਗਾ।
ਇਹ ਵੀ ਪੜ੍ਹੋ : 'ਇਤਿਹਾਸ ’ਚ ਪਹਿਲੀ ਵਾਰ 1 ਜੂਨ ਨੂੰ ਡਿਫਾਲਟਰ ਬਣ ਸਕਦਾ ਹੈ ਸੁਪਰਪਾਵਰ ਅਮਰੀਕਾ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।