ਬਾਜ਼ਾਰ ਨਿਵੇਸ਼ਕਾਂ ਲਈ ਵੱਡੀ ਖੁਸ਼ਖਬਰੀ, ਮਿਲਣ ਜਾ ਰਿਹੈ ਇਹ ਤੋਹਫਾ

10/29/2019 3:43:45 PM

ਨਵੀਂ ਦਿੱਲੀ— ਸਰਕਾਰ ਇਕੁਇਟੀ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਜਲਦ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ। ਸੀ. ਐੱਨ. ਬੀ. ਸੀ. ਮੁਤਾਬਕ, ਸਰਕਾਰ ਸਟਾਕ ਬਾਜ਼ਾਰ ਨਾਲ ਜੁੜੇ ਸਾਰੇ ਟੈਕਸਾਂ 'ਚ ਕਟੌਤੀ ਕਰਨ ਦਾ ਵਿਚਾਰ ਕਰ ਰਹੀ ਹੈ, ਤਾਂ ਜੋ ਨਿਵੇਸ਼ਕਾਂ 'ਤੇ ਬੋਝ ਘੱਟ ਹੋ ਸਕੇ।

 

ਸਰਕਾਰ ਲਾਂਗ ਟਰਮ ਕੈਪੀਟਲ ਗੇਨ ਟੈਕਸ (ਐੱਲ. ਟੀ. ਸੀ. ਜੀ.), ਸ਼ਾਰਟ ਟਰਮ ਕੈਪੀਟਲ ਗੇਨ ਟੈਕਸ (ਐੱਸ. ਟੀ. ਸੀ. ਜੀ.), ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ (ਐੱਸ. ਟੀ. ਟੀ.), ਡਿਵੀਡੈਂਡ ਡਿਸਟ੍ਰਿਬਿਊਸ਼ਨ ਟੈਕਸ (ਡੀ. ਡੀ. ਟੀ.) 'ਚ ਕਟੌਤੀ ਕਰ ਸਕਦੀ ਹੈ। ਵਿਦੇਸ਼ੀ ਕਰੰਸੀ ਨੂੰ ਆਕਰਸ਼ਤ ਕਰਨ ਤੇ ਨਿਵੇਸ਼ ਵਧਾਉਣ ਲਈ ਸਰਕਾਰ ਇਹ ਕਦਮ ਚੁੱਕਣ ਦਾ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ, ਪੀ. ਐੱਮ. ਓ. ਯਾਨੀ ਪ੍ਰਧਾਨ ਮੰਤਰੀ ਦਫਤਰ ਫਿਲਹਾਲ ਨੀਤੀ ਆਯੋਗ ਤੇ ਵਿੱਤ ਮੰਤਰਾਲਾ ਦੇ ਰੈਵੇਨਿਊ ਵਿਭਾਗ ਨਾਲ ਇਸ ਦੀ ਸਮੀਖਿਆ ਕਰ ਰਿਹਾ ਹੈ।
ਸੰਭਾਵਨਾ ਹੈ ਕਿ ਡਿਵੀਡੈਂਡ ਡਿਸਟ੍ਰਿਬਿਊਸ਼ਨ ਟੈਕਸ (ਡੀ. ਡੀ. ਟੀ.) ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਇਸ ਦੀ ਸਿਫਾਰਿਸ਼ ਡਾਇਰੈਕਟ ਟੈਕਸ 'ਤੇ ਜੋ ਟਾਸਕ ਫੋਰਸ ਬਣੀ ਸੀ ਉਸ ਨੇ ਵੀ ਕੀਤੀ ਹੈ। ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਕੌਮਾਂਤਰੀ ਪੱਧਰ ਦੇ ਟੈਕਸ ਢਾਂਚੇ 'ਤੇ ਫੋਕਸ ਕਰ ਰਹੀ ਹੈ। ਪੀ. ਐੱਮ. ਨਰਿੰਦਰ ਮੋਦੀ ਤੋਂ ਅੰਤਿਮ ਮਨਜ਼ੂਰੀ ਮਿਲਣ 'ਤੇ ਟੈਕਸਾਂ 'ਚ ਕਟੌਤੀ ਦਾ ਐਲਾਨ ਹੋ ਸਕਦਾ ਹੈ। ਐੱਲ. ਟੀ. ਸੀ. ਜੀ. ਤੇ ਐੱਸ. ਟੀ. ਸੀ. ਜੀ. 'ਚ ਵੀ ਬਦਲਾਅ ਦਾ ਵਿਚਾਰ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਇਸ ਦਾ ਐਲਾਨ ਬਜਟ 'ਚ ਜਾਂ ਫਿਰ ਉਸ ਤੋਂ ਪਹਿਲਾਂ ਵੀ ਹੋ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਰਥ-ਵਿਵਸਥਾ ਨੂੰ ਰਫਤਾਰ ਦੇਣ ਲਈ ਪਹਿਲਾਂ ਵੀ ਕਈ ਕਦਮ ਉਠਾ ਚੁੱਕੀ ਹੈ। ਬਜਟ ਇਸ ਵਾਰ 3 ਫਰਵਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ।


Related News