NEET-PG 2024 ਲਈ ਨਵੀਂ ਤਾਰੀਖ਼ ਦਾ ਐਲਾਨ, ਇਸ ਦਿਨ ਦੋ ਸ਼ਿਫਟਾਂ ''ਚ ਹੋਵੇਗੀ ਪ੍ਰੀਖਿਆ
Friday, Jul 05, 2024 - 04:06 PM (IST)
ਨਵੀਂ ਦਿੱਲੀ- ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਪੋਸਟ ਗ੍ਰੈਜੂਏਟ (NEET-UG) 2024 ਦਾ ਆਯੋਜਨ 11 ਅਗਸਤ ਨੂੰ ਦੋ ਸ਼ਿਫਟਾਂ ਵਿਚ ਕਰਵਾਇਆ ਜਾਵੇਗਾ। ਨੈਸ਼ਨਲ ਬੋਰਡ ਆਫ ਮੈਡੀਕਲ ਐਗਜ਼ਾਮੀਨੇਸ਼ਨ (NBEMS) ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਪਹਿਲਾਂ ਇਹ ਪ੍ਰੀਖਿਆ 23 ਜੂਨ ਨੂੰ ਹੋਣੀ ਸੀ। ਬੋਰਡ ਨੇ ਕਿਹਾ NBEMS ਦੇ 22 ਜੂਨ 2024 ਦੇ ਨੋਟਿਸ ਮੁਤਾਬਕ NEET-PG 2024 ਪ੍ਰੀਖਿਆ ਦੀ ਸਮਾਂ-ਸਾਰਣੀ ਹੁਣ ਮੁੜ ਤੈਅ ਕੀਤੀ ਗਈ ਹੈ। ਹੁਣ ਇਹ 11 ਅਗਸਤ ਨੂੰ ਦੋ ਸ਼ਿਫਟਾਂ ਵਿਚ ਹੋਵੇਗੀ। NEET-PG 2024 ਵਿਚ ਹਾਜ਼ਰ ਹੋਣ ਲਈ ਯੋਗਤਾ ਦੇ ਉਦੇਸ਼ ਲਈ ਕੱਟ-ਆਫ ਤਾਰੀਖ਼ 15 ਅਗਸਤ 2024 ਹੋਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ 23 ਜੂਨ ਨੂੰ ਹੋਣ ਵਾਲੀ NEET-PG ਦਾਖ਼ਲਾ ਪ੍ਰੀਖਿਆ 22 ਜੂਨ ਨੂੰ ਮੁਲਤਵੀ ਕਰ ਦਿੱਤੀ ਸੀ।
ਕੁਝ ਪ੍ਰਤੀਯੋਗੀ ਪ੍ਰੀਖਿਆਵਾਂ ਸਬੰਧੀ ਬੇਨਿਯਮੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਦੋਂ ਤੋਂ ਕੇਂਦਰੀ ਸਿਹਤ ਮੰਤਰਾਲਾ, NBEMS, ਉਸ ਦੇ ਤਕਨੀਕੀ ਸਾਂਝੇਦਾਰ ਟਾਟਾ ਕੰਸਲਟੇਂਸੀ ਸਰਵਿਸ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ (NMC) ਦੇ ਅਧਿਕਾਰੀਆਂ ਨੇ ਕਈ ਬੈਠਕ ਕੀਤੀ ਹੈ ਅਤੇ ਸਾਈਬਰ ਸੈੱਲ ਦੇ ਅਧਿਕਾਰੀ ਪ੍ਰੀਖਿਆ ਲਈ ਵਿਵਸਥਾ ਦੀ ਮਜ਼ਬੂਤੀ ਦਾ ਮੁਲਾਂਕਣ ਕਰਨਗੇ। ਸਿਹਤ ਮੰਤਰਾਲਾ ਨੇ NEET-PG ਦਾਖ਼ਲਾ ਪ੍ਰੀਖਿਆ ਦੀ ਪ੍ਰਕਿਰਿਆ ਦਾ ਮੁਲਾਂਕਣ ਕਰਨ ਦਾ ਫ਼ੈਸਲਾ ਕੀਤਾ ਸੀ। NBEMS ਮੈਡੀਕਲ ਦੇ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲੇ ਲਈ TCS ਦੇ ਸਹਿਯੋਗ ਨਾਲ ਪ੍ਰੀਖਿਆ ਦਾ ਆਯੋਜਨ ਕਰਦਾ ਹੈ।