ਬਾਜ਼ਾਰ : ਸੋਮਵਾਰ ਨੂੰ ਬੀ. ਐੱਸ. ਈ. ਸੈਂਸੈਕਸ 'ਚ ਸ਼ਾਮਲ ਹੋਵੇਗੀ ਟਾਟਾ ਸਟੀਲ
Sunday, Jun 20, 2021 - 12:57 PM (IST)
ਮੁੰਬਈ- ਟਾਟਾ ਗਰੁੱਪ ਦੀ ਸਟੀਲ ਨਿਰਮਾਤਾ ਟਾਟਾ ਸਟੀਲ 6 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਸੋਮਵਾਰ ਨੂੰ ਬੀ. ਐੱਸ. ਈ. ਸੈਂਸੈਕਸ ਵਿਚ ਦੁਬਾਰਾ ਸ਼ਾਮਲ ਹੋਵੇਗੀ।
ਸੈਂਸੈਕਸ ਵਿਚ 30 ਕੰਪਨੀਆਂ ਹੁੰਦੀਆਂ ਹਨ। ਸੋਮਵਾਰ ਤੋਂ ਜਨਤਕ ਖੇਤਰ ਦੀ ਤੇਲ ਤੇ ਗੈਸ ਕੰਪਨੀ ਓ. ਐੱਨ. ਜੀ. ਸੀ. ਦੀ ਜਗ੍ਹਾ ਇਸ ਵਿਚ ਟਾਟਾ ਸਟੀਲ ਨੂੰ ਸ਼ਾਮਲ ਕੀਤਾ ਜਾਵੇਗਾ।
ਕਿਸੇ ਕੰਪਨੀ ਦਾ ਸੈਂਸੈਕਸ ਵਿਚ ਸ਼ਾਮਲ ਹੋਣਾ ਬਾਜ਼ਾਰ 'ਤੇ ਉਸ ਦੇ ਪ੍ਰਭਾਵ ਨੂੰ ਦਿਖਾਉਂਦਾ ਹੈ। ਹੋਰ ਸੂਚਕ ਅੰਕਾਂ ਵਿਚ ਵਿਚ ਵੀ 21 ਜੂਨ ਤੋਂ ਬਦਲਾਅ ਕੀਤੇ ਜਾ ਰਹੇ ਹਨ। ਬੀ. ਐੱਸ. ਈ.-100 ਅਤੇ ਬੀ. ਐੱਸ. ਈ. ਸੈਂਸੈਕਸ ਨੈਕਸਟ 50 ਵਿਚ ਬੌਸ਼ ਲਿਮਟਿਡ, ਐੱਲ. ਆਈ. ਸੀ. ਹਾਊਸਿੰਗ ਫਾਈਨੈਂਸ ਲਿਮਟਿਡ ਅਤੇ ਟੀ. ਵੀ. ਐੱਸ. ਮੋਟਰ ਦੀ ਜਗ੍ਹਾ ਏ. ਯੂ. ਸਮਾਲ ਫਾਈਨੈਂਸ ਬੈਂਕ, ਅਡਾਣੀ ਇੰਟਰਪ੍ਰਾਈਜਜ਼ ਤੇ ਚੋਲਮੰਡਲ ਇਨਵੈਸਟਮੈਂਟ ਐਂਡ ਫਾਈਨੈਂਸ ਨੂੰ ਸ਼ਾਮਲ ਕੀਤਾ ਜਾਵੇਗਾ। ਉੱਥੇ ਹੀ, ਬੈਂਕਿੰਗ ਕੰਪਨੀਆਂ ਦੇ ਸੂਚਕ ਅੰਕ ਬੀ. ਐੱਸ. ਈ. ਬੈਂਕਸ ਵਿਚ ਆਰ. ਬੀ. ਐੱਲ. ਦੀ ਜਗ੍ਹਾ ਏ. ਯੂ. ਸਮਾਲ ਫਾਈਨੈਂਸ ਬੈਂਕ ਨੂੰ ਜਗ੍ਹਾ ਦਿੱਤੀ ਜਾਵੇਗੀ।