ਟਾਟਾ ਬਣਾਏਗੀ ਇੰਟਰਨੈਸ਼ਨਲ ਏਅਰਪੋਰਟ, ਦਿੱਗਜ਼ ਕੰਪਨੀਆਂ ਨੂੰ ਪਛਾੜ ਕੇ ਹਾਸਲ ਕੀਤਾ ਠੇਕਾ
Saturday, Jun 04, 2022 - 10:54 AM (IST)
 
            
            ਮੁੰਬਈ (ਭਾਸ਼ਾ) – ਪ੍ਰਯਾਗਰਾਜ ਏਅਰਪੋਰਟ ਦੇ ਨਿਰਮਾਣ ਦਾ ਠੇਕਾ ਮਿਲਣ ਤੋਂ ਬਾਅਦ ਹੁਣ ਟਾਟਾ ਸਮੂਹ ਨੂੰ ਇਕ ਹੋਰ ਏਅਰਪੋਰਟ ਬਣਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਟਾਟਾ ਸਮੂਹ ਦੀ ਇੰਫ੍ਰਾਸਟ੍ਰਕਚਰ ਡਿਵੈੱਲਪਮੈਂਟ ਕੰਪਨੀ ਟਾਟਾ ਪ੍ਰਾਜੈਕਟਸ ਨੂੰ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ (ਨੋਇਡਾ) ਸਥਿਤ ਜੇਵਰ ਇੰਟਰਨੈਸ਼ਨਲ ਏਅਰਪੋਰਟ ਦੇ ਨਿਰਮਾਣ ਦਾ ਠੇਕਾ ਮਿਲਿਆ ਹੈ।
ਯਮੁਨਾ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਿਡ (ਵਾਈ. ਆਈ. ਏ. ਪੀ. ਐੱਲ.) ਵਲੋਂ ਜਾਰੀ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਠੇਕੇ ਨੂੰ ਹਾਸਲ ਕਰਨ ਦੀ ਰੇਸ ’ਚ ਐੱਲ. ਐਂਡ ਟੀ. ਅਤੇ ਸ਼ਾਪੂਰਜੀ ਪਲੋਨਜੀ ਵਰਗੀਆਂ ਦਿੱਗਜ਼ ਕੰਪਨੀਆਂ ਵੀ ਸ਼ਾਮਲ ਸਨ। ਪਰ ਤੈਅ ਮਾਪਦੰਡਾਂ ਦੇ ਆਧਾਰ ’ਤੇ ਟਾਟਾ ਪ੍ਰਾਜੈਕਟਸ ਨੂੰ ਸਭ ਤੋਂ ਵੱਧ ਸਕੋਰ ਦਿੱਤਾ ਗਿਆ ਅਤੇ ਉਸ ਨੂੰ ਠੇਕਾ ਮਿਲ ਗਿਆ।
ਇਹ ਵੀ ਪੜ੍ਹੋ : ਰੈਸਟੋਰੈਂਟ ਅਤੇ ਹੋਟਲ ਮਾਲਕਾਂ ਵੱਲੋਂ ਵਸੂਲੇ ਜਾਂਦੇ ਸਰਵਿਸ ਚਾਰਜ ਨੂੰ ਲੈ ਕੇ ਸਰਕਾਰ ਸਖ਼ਤ,ਜਲਦ
ਰਨਵੇ, ਟਰਮੀਨਲ ਆਦਿ ਬਣਾਏਗੀ
ਸਵਿਟਜਰਲੈਂਡ ਦੀ ਕੰਪਨੀ ਜਿਊਰਿਖ ਏਅਰਪੋਰਟ ਇੰਟਰਨੈਸ਼ਨਲ ਏ. ਜੀ. ਨੂੰ ਜੇਵਰ ਏਅਰਪੋਰਟ ਦੇ ਡਿਵੈੱਲਪਮੈਂਟ ਦਾ ਠੇਕਾ ਮਿਲਿਆ ਹੈ। ਵਾਈ. ਆਈ. ਏ. ਪੀ. ਐੱਲ. ਇਸੇ ਸਵਿਸ ਕੰਪਨੀ ਦੀ 100 ਫੀਸਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸ ਨੂੰ ਜੇਵਰ ਹਵਾਈ ਅੱਡੇ ਦੇ ਵਿਕਾਸ ਲਈ ਇਕ ਵਿਸ਼ੇਸ਼ ਟੀਚਾ ਕੰਪਨੀ (ਐੱਸ. ਪੀ. ਵੀ.) ਬਣਾਇਆ ਗਿਆ ਹੈ। ਇਸ ਨੇ ਟਾਟਾ ਸਮੂਹ ਨੂੰ ਆਪਣੀ ਸਹਿਯੋਗੀ ਬਣਾਇਆ ਹੈ। ਵਾਈ. ਆਈ. ਏ. ਪੀ. ਐੱਲ. ਨੇ ਕਿਹਾ ਕਿ ਇਸ ਠੇਕੇ ਦੇ ਤਹਿਤ ਟਾਟਾ ਪ੍ਰਾਜੈਕਟਸ ਟਰਮੀਨਲ, ਰਨਵੇ, ਏਅਰਸਾਈਡ ਇੰਫ੍ਰਾਸਟ੍ਰਕਚਰ, ਸੜਕਾਂ, ਯੂਟੀਲਿਟੀਜ਼ ਅਤੇ ਹੋਰ ਸਹਾਇਕ ਭਵਨਾਂ ਦਾ ਨਿਰਮਾਣ ਕਰੇਗੀ। ਇਸ ਦੀ ਚੋਣ ਵੱਡੀਆਂ ਬੁਨਿਆਦੀ ਢਾਂਚਾ ਯੋਜਨਾਵਾਂ ਦੇ ਡਿਜਾਈਨ, ਖਰੀਦ ਅਤੇ ਨਿਰਮਾਣ ’ਚ ਉਸ ਦੇ ਤਜ਼ਰਬੇ ਦੇ ਆਧਾਰ ’ਤੇ ਆਖਰੀ ਤਿੰਨ ’ਚੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : Kia ਦੀ ਜ਼ਬਰਦਸਤ ਇਲੈਕਟ੍ਰਾਨਿਕ ਕਾਰ ਭਾਰਤ 'ਚ ਹੋਈ ਲਾਂਚ, ਜਾਣੋ ਖ਼ਾਸੀਅਤ
ਪਹਿਲੇ ਪੜਾਅ ’ਚ 5,700 ਕਰੋੜ ਨਿਵੇਸ਼
ਬਿਆਨ ’ਚ ਕਿਹਾ ਗਿਆ ਹੈ ਕਿ ਕੁੱਲ 1,334 ਹੈਕਟੇਅਰ ’ਚ ਫੈਲੀ ਗ੍ਰੀਨਫੀਲਡ ਸਹੂਲਤ ਦੇ ਪਹਿਲੇ ਪੜਾਅ ’ਚ 5,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਨਾਲ ਇਕ ਰਨਵੇ ਦੀ ਆਪ੍ਰੇਟਿੰਗ ਸ਼ੁਰੂ ਕੀਤੀ ਜਾਵੇਗੀ। ਇਸ ਦੀ ਸਮਰੱਥਾ ਸਾਲਾਨਾ 1.2 ਕਰੋੜ ਮੁਸਾਫਰਾਂ ਨੂੰ ਸੰਭਾਲਣ ਦੀ ਹੋਵੇਗੀ। ਇਸ ਏਅਰਪੋਰਟ ਦੀ ਆਪ੍ਰੇਟਿੰਗ 2024 ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਯਮੁਨਾ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਟੋਫ ਸ਼ਨੈਲਮੈਨ ਨੇ ਕਿਹਾ ਕਿ ਸਾਨੂੰ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਲਈ ਟਾਟਾ ਪ੍ਰਾਜੈਕਟਸ ਨਾਲ ਸਾਂਝੇਦਾਰੀ ਕਰਨ ਦੀ ਖੁਸ਼ੀ ਹੈ। ਇਸ ਨਾਲ ਸਾਡੀ ਯੋਜਨਾ ਅਗਲੇ ਪੜਾਅ ’ਚ ਐਂਟਰੀ ਕਰੇਗੀ ਅਤੇ ਨਿਰਮਾਣ ਸਰਗਰਮੀਆਂ ’ਚ ਤੇਜੀ਼ ਆਵੇਗੀ।
ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ, ਜਲਦ ਕੱਚੇ ਤੇਲ ਦਾ ਉਤਪਾਦਨ ਵਧਾਏਗਾ ਓਪੇਕ
ਉਸਾਰੀ ’ਚ ਕਰਨਗੇ ਆਧੁਨਿਕ ਤਕਨੀਕਾਂ ਦੀ ਵਰਤੋਂ
ਟਾਟਾ ਪ੍ਰਾਜੈਕਟਸ ਦੇ ਸੀ. ਈ. ਓ. ਅਤੇ ਐੱਮ. ਡੀ. ਨਾਮਿਤ ਵਿਨਾਇਕ ਨੇ ਕਿਹਾ ਕਿ ਸਾਨੂੰ ਜੇਵਰ ਗ੍ਰੀਨਫੀਲਡ ਏਅਰਪੋਰਟ ਦੇ ਈ. ਪੀ. ਸੀ. ਕਾਰਜ ਸੌਂਪੇ ਜਾਣ ’ਤੇ ਮਾਣ ਹੈ। ਦੇਸ਼ ਦੇ ਸਭ ਤੋਂ ਉੱਨਤ ਅਤੇ ਵਾਤਾਵਰਣ ਦੇ ਅਨੁਕੂਲ ਏਅਰਪੋਰਟ ਨੂੰ ਸਮੇਂ ਸਿਰ ਬਣਾਉਣ ਲਈ ਵਾਈ. ਆਈ. ਏ. ਪੀ. ਐੱਲ. ਨਾਲ ਕੰਪਨੀ ਮਿਲ ਕੇ ਕੰਮ ਕਰੇਗੀ। ਅਸੀਂ ਗੁਣਵੱਤਾ, ਸੁਰੱਖਿਆ ਅਤੇ ਸਥਿਰਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਇਸ ਦੇ ਨਿਰਮਾਣ ’ਚ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਾਂਗੇ।
ਇਹ ਵੀ ਪੜ੍ਹੋ : ਭਾਰਤ ਦੀ ਟੈਕਸਟਾਈਲ ਬਰਾਮਦ ਹੁਣ ਤੱਕ ਦੇ ਉੱਚ ਪੱਧਰ 'ਤੇ, ਰਿਕਾਰਡ 44.4 ਅਰਬ ਡਾਲਰ 'ਤੇ ਪਹੁੰਚਿਆ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            