ਵੱਡੀ ਖ਼ਬਰ! 67 ਸਾਲਾਂ ਪਿਛੋਂ ਫਿਰ ਟਾਟਾ ਦੀ ਹੋ ਸਕਦੀ ਹੈ AIR INDIA
Monday, Dec 14, 2020 - 03:04 PM (IST)
ਨਵੀਂ ਦਿੱਲੀ— 67 ਸਾਲ ਪਹਿਲਾਂ ਏਅਰ ਇੰਡੀਆ ਦਾ ਕੰਟਰੋਲ ਸਰਕਾਰ ਨੂੰ ਸੌਂਪਣ ਤੋਂ ਬਾਅਦ ਟਾਟਾ ਗਰੁੱਪ ਇਕ ਵਾਰ ਫਿਰ ਇਸ ਨੂੰ ਖ਼ਰੀਦਣ ਦੀ ਦੌੜ 'ਚ ਸ਼ਾਮਲ ਹੋ ਗਿਆ ਹੈ। ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਖ਼ਰੀਦਣ ਲਈ ਟਾਟਾ ਗਰੁੱਪ ਨੇ ਸੋਮਵਾਰ ਨੂੰ ਵਿਨਿਵੇਸ਼ ਮੰਤਰਾਲਾ ਕੋਲ ਦਿਲਚਸਪੀ ਪੱਤਰ ਦਾਖ਼ਲ ਕੀਤਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਟਾਟਾ ਗਰੁੱਪ ਅਗਲੇ 15 ਦਿਨਾਂ ਅੰਦਰ ਵਿੱਤੀ ਬੋਲੀ ਜਮ੍ਹਾ ਕਰਾ ਸਕਦਾ ਹੈ।
ਦਿਲਚਸਪੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ ਸੋਮਵਾਰ ਸ਼ਾਮ 5 ਵਜੇ ਤੱਕ ਸੀ। ਟਾਟਾ ਗਰੁੱਪ ਪਹਿਲਾਂ ਹੀ ਭਾਰਤ 'ਚ ਦੋ ਏਅਰਲਾਈਨਾਂ ਚਲਾ ਰਿਹਾ ਹੈ। ਹਾਲਾਂਕਿ, ਹੁਣ ਤੱਕ ਇਹ ਨਹੀਂ ਪਤਾ ਲੱਗਾ ਹੈ ਕਿ ਟਾਟਾ ਆਪਣੇ ਮੌਜੂਦਾ ਭਾਈਵਾਲਾਂ ਅਰਥਾਤ ਏਅਰ ਏਸ਼ੀਆ ਜਾਂ ਵਿਸਤਾਰਾ ਨਾਲ ਏਅਰ ਇੰਡੀਆ ਨੂੰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹਨ ਜਾਂ ਇਕੱਲੇ ਜਾਣ ਦੀ ਯੋਜਨਾ ਬਣਾ ਰਹੇ ਹਨ।
ਦਿਲਚਸਪੀ ਪੱਤਰ ਦਾਖ਼ਲੇ ਦਾ ਮਤਲਬ ਹੈ ਕਿ ਕੰਪਨੀ ਨੇ ਹਾਲੇ ਖ਼ਰੀਦ 'ਚ ਰੁਚੀ ਦਿਖਾਈ ਹੈ। ਏਅਰ ਇੰਡੀਆ 'ਤੇ 60,000 ਕਰੋੜ ਰੁਪਏ ਦਾ ਭਾਰੀ ਭਰਕਮ ਕਰਜ਼ ਹੈ, ਜਿਸ 'ਚੋਂ 23,286 ਕਰੋੜ ਰੁਪਏ ਦਾ ਬੋਝ ਖ਼ਰੀਦਦਾਰ 'ਤੇ ਪਵੇਗਾ, ਜਦੋਂ ਕਿ ਬਾਕੀ ਦਾ ਭਾਰ ਸਰਕਾਰ ਖ਼ੁਦ ਚੁੱਕੇਗੀ।
ਇਹ ਵੀ ਪੜ੍ਹੋ- ਸੂਰਜੀ ਸਾਜੋ-ਸਾਮਾਨਾਂ 'ਤੇ 40 ਫ਼ੀਸਦੀ ਤੱਕ ਹੋ ਜਾਏਗੀ ਦਰਾਮਦ ਡਿਊਟੀ
ਗੌਰਤਲਬ ਹੈ ਕਿ ਭਾਰਤੀ ਜਹਾਜ਼ ਸੇਵਾਵਾਂ ਨਾਲ ਟਾਟਾ ਦੀ ਸਾਂਝ ਬਹੁਤ ਲੰਮੇ ਸਮੇਂ ਤੋਂ ਹੈ। ਟਾਟਾ ਸੰਨਜ਼ ਨੇ ਸਾਲ 1932 'ਚ ਟਾਟਾ ਏਅਰਲਾਈਨ ਦੀ ਸਥਾਪਨਾ ਕੀਤੀ ਸੀ ਅਤੇ ਇਸ ਦਾ ਨਾਮ 1946 'ਚ ਏਅਰ ਇੰਡੀਆ ਰੱਖਿਆ ਗਿਆ ਸੀ। ਟਾਟਾ ਲਗਭਗ 67 ਸਾਲ ਪਹਿਲਾਂ 1953 'ਚ ਏਅਰ ਇੰਡੀਆ ਤੋਂ ਬਾਹਰ ਹੋ ਗਿਆ ਸੀ ਅਤੇ ਸਰਕਾਰ ਨੇ ਇਸ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ ਸੀ। ਟਾਟਾ ਨੇ 2013 'ਚ ਮਲੇਸ਼ੀਆ ਦੀ ਏਅਰ ਏਸ਼ੀਆ ਨਾਲ ਮਿਲ ਕੇ ਏਅਰ ਏਸ਼ੀਆ ਅਤੇ ਸਿੰਗਾਪੁਰ ਏਅਰਲਾਈਨਸ ਨਾਲ ਮਿਲ ਕੇ ਵਿਸਤਾਰਾ, ਦੋ ਏਅਰਲਾਈਨਾਂ ਦੀ ਸ਼ੁਰੂਆਤ ਕੀਤੀ।
ਕਿਹਾ ਜਾ ਰਿਹਾ ਹੈ ਕਿ ਟਾਟਾ ਗਰੁੱਪ ਏਅਰ ਏਸ਼ੀਆ ਜ਼ਰੀਏ ਬੋਲੀ ਲਾ ਸਕਦਾ ਹੈ, ਜਿਸ 'ਚ ਟਾਟਾ ਸੰਨਜ਼ ਦੀ ਵੱਡੀ ਹਿੱਸੇਦਾਰੀ ਹੈ। ਏਅਰ ਇੰਡੀਆ ਨੂੰ ਖ਼ਰੀਦਣ 'ਚ ਤਿੰਨ ਨਿਵੇਸ਼ਕਾਂ ਨੇ ਦਿਲਚਸਪੀ ਦਿਖਾਈ ਹੈ, ਜਿਨ੍ਹਾਂ 'ਚ ਏਅਰ ਇੰਡੀਆ ਦੇ ਕਰਮਚਾਰੀ ਵੀ ਸ਼ਾਮਲ ਹਨ।