ਸਵੀਡਨ ਨੇ ਦਿੱਤਾ ਸੰਕੇਤ : ਛੇਤੀ ਹੀ ਭਾਰਤ-EUFTA ’ਤੇ ਲੱਗ ਸਕਦੀ ਹੈ ਮੋਹਰ, ਚੀਨ ਨੂੰ ਲੱਗੇਗਾ ਝਟਕਾ

Sunday, Dec 11, 2022 - 10:29 AM (IST)

ਨਵੀਂ ਦਿੱਲੀ– ਸਭ ਕੁੱਝ ਠੀਕ ਰਿਹਾ ਤਾਂ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਯਾਨੀ ਯੂਰਪ ’ਚ ਭਾਰਤੀ ਪ੍ਰੋਡਕਟ ਦੀ ਧੂਮ ਮਚਾ ਸਕਦੇ ਹਨ। ਭਾਰਤ ਅਤੇ ਯੂਰਪੀ ਸੰਘ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ਨੂੰ ਲੈ ਕੇ ਇਕ ਬਹੁਤ ਚੰਗੀ ਖਬਰ ਆ ਰਹੀ ਹੈ। ਸਵੀਡਨ ਨੇ ਸੰਕੇਤ ਦਿੱਤਾ ਹੈ ਕਿ ਛੇਤੀ ਹੀ ਭਾਰਤ-ਈ. ਯੂ. ਫ੍ਰੀ ਟ੍ਰੇਡ ਐਗਰੀਮੈਂਟ ’ਤੇ ਮੋਹਰ ਲੱਗ ਸਕਦੀ ਹੈ। ਦਰਅਸਲ ਅਗਲੇ ਕੁੱਝ ਹਫਤੇ ’ਚ ਸਵੀਡਨ ਯੂਰਪੀ ਸੰਘ (ਈ. ਯੂ.) ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ।

ਸਵੀਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ-ਈ. ਯੂ. ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ਨੂੰ ਛੇਤੀ ਅੰਤਿਮ ਰੂਪ ਦੇਣਾ ਉਸ ਦੀ ਤਰਜੀਹ ਹੋਵੇਗੀ। ਜੇ ਅਜਿਹਾ ਹੋਇਆ ਤਾਂ ਭਾਰਤੀ ਐਕਸਪੋਰਟਰਾਂ ਨੂੰ ਯੂਰਪ ’ਚ ਚੀਨ ਦੀ ਬਾਦਸ਼ਾਹਤ ਨੂੰ ਖਤਮ ਕਰਨ ’ਚ ਮਦਦ ਮਿਲੇਗੀ। ਭਾਰਤ ਦੇ ਦੌਰੇ ’ਤੇ ਆਏ ਸਵੀਡਨ ਦੇ ਵਿਦੇਸ਼ ਵਪਾਰ ਮੰਤਰੀ ਯੋਹਾਨ ਫਾਰਸੇਲ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਯੂਰਪੀ ਸੰਘ ਦਾ ਮੁਖੀ ਰਹਿੰਦੇ ਹੋਏ ਭਾਰਤ ਨਾਲ ਐੱਫ. ਟੀ. ਏ. ਨੂੰ ਅੰਤਿਮ ਰੂਪ ਦੇਣ ’ਚ ‘ਈਮਾਨਦਾਰ ਵਿਚੋਲੇ’ ਦੇ ਤੌਰ ’ਤੇ ਕੰਮ ਕਰੇਗਾ।

ਫਾਰਸੇਲ ਨੇ ਕਿਹਾ ਕਿ ਭਾਰਤ ਨਾਲ ਈ. ਯੂ. ਦਾ ਫ੍ਰੀ ਟ੍ਰੇਡ ਐਗਰੀਮੈਂਟ ਸਭ ਦੇ ਹਿੱਤ ’ਚ ਹੋਵੇਗਾ ਅਤੇ ਇਸ ’ਤੇ ਗੱਲਬਾਤ ਨੂੰ ਸੰਪੰਨ ਕਰਨ ’ਚ ਸਵੀਡਨ ਪੂਰੀ ਕੋਸ਼ਿਸ਼ ਕਰੇਗਾ। ਯੂਰਪ ਦੇ 27 ਦੇਸ਼ਾਂ ਦੇ ਸੰਗਠਨ ਯੂਰਪੀ ਸੰਘ ਦੀ ਪ੍ਰਧਾਨਗੀ ਅਗਲੇ ਕੁੱਝ ਹਫਤਿਆਂ ’ਚ ਸਵੀਡਨ ਕੋਲ ਆਉਣ ਵਾਲੀ ਹੈ। ਉਹ ਅਗਲੇ ਇਕ ਸਾਲ ਤੱਕ ਇਸ ਸਮੂਹ ਦਾ ਮੁਖੀ ਰਹੇਗਾ। ਹਾਲਾਂਕਿ ਫਾਰਸੇਲ ਨੇ ਇਹ ਸਵੀਕਾਰ ਕੀਤਾ ਕਿ ਭਾਰਤ ਅਤੇ ਈ. ਯੂ. ਦਰਮਿਆਨ ਐੱਫ. ਟੀ. ਏ. ਨੂੰ ਅੰਤਿਮ ਰੂਪ ਦੇਣ ’ਚ ਕੁੱਝ ਅੜਚਨਾਂ ਬਰਕਰਾਰ ਹਨ। ਇਸ ਮਾਮਲੇ ’ਤੇ ਉਨ੍ਹਾਂ ਨੇ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਗੱਲ ਕੀਤੀ ਹੈ।

ਉਨ੍ਹਾਂ ਨੇ ਕਿਹਾਕਿ ਅਸੀਂ ਇਕ ਅਜਿਹਾ ਸਮਝੌਤਾ ਚਾਹੁੰਦੇ ਹਾਂ ਜੋ ਸਭ ਦੇ ਹਿੱਤ ’ਚ ਹੋਵੇ। ਸਵੀਡਨ ਦੇ ਯੂਰਪੀ ਸੰਘ ਦਾ ਮੁਖੀ ਰਹਿਣ ਦੌਰਾਨ ਅਸੀਂ ਇਸ ’ਤੇ ਕੰਮ ਕਰਾਂਗੇ। ਭਾਰਤ ਦੇ ਰੂਸ ਤੋਂ ਕੱਚੇ ਤੇਲ ਦੀ ਖਰੀਦ ਕਰਨ ਦੇ ਫੈਸਲੇ ਨੂੰ ਉਨ੍ਹਾਂ ਨੇ ਘਰੇਲੂ ਨੀਤੀਆਂ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਹਰੇਕ ਦੇਸ਼ ਨੂੰ ਆਪਣੇ ਫੈਸਲੇ ਖੁਦ ਲੈਣੇ ਚਾਹੀਦੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਟ ਕਰਕੇ ਦਿਓ।


Aarti dhillon

Content Editor

Related News