ਚੀਨ ''ਚ ਗੂਗਲ ਬੈਨ, ਨਵੇਂ ਪਲਾਨ ਨਾਲ ਚੀਨੀ ਬਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੇ ਸੁੰਦਰ ਪਿਚਾਈ
Wednesday, Oct 17, 2018 - 09:56 AM (IST)

ਨਵੀਂ ਦਿੱਲੀ — ਸਰਚ ਇੰਜਣ ਗੂਗਲ ਦੇ ਚੀਫ ਐਗਜ਼ੈਕਟਿਵ ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ ਅਜੇ ਵੀ ਚੀਨ 'ਚ ਆਪਣੇ ਸਰਚ ਇੰਜਣ ਦਾ ਸੈਂਸਰਡ ਵਰਜਨ ਪੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਬਹੁਤ ਘੱਟ ਹੁੰਦਾ ਹੈ ਜਦੋਂ ਕੰਪਨੀ ਨੇ ਆਪਣੇ ਗੁਪਤ ਪ੍ਰੋਜੈਕਟ ਦਾ ਖੁਲਾਸਾ ਕੀਤਾ ਹੈ। ਗੂਗਲ ਦੀ ਚੀਨ 'ਚ ਵਾਪਸੀ ਦੀ ਸੰਭਾਵਨਾ ਬਾਰੇ 'ਚ ਸਭ ਤੋਂ ਪਹਿਲਾਂ ਖਬਰ ਅਗਸਤ ਵਿਚ 'ਦ ਇੰਟਰਸੈਪਟ' ਨੇ ਲੀਕ ਕੀਤੀ ਸੀ।
ਰਿਪੋਰਟ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਦੀ ਗੂਗਲ ਗੁਪਤ ਤਰੀਕੇ ਨਾਲ 'ਡ੍ਰੇਗਨਫਲਾਈ' ਵਿਕਸਿਤ ਕਰ ਰਹੀ ਹੈ। ਇਸ ਵਿਸ਼ੇਸ਼ ਸਰਚ ਇੰਜਣ ਨੂੰ ਚੀਨ ਦੇ ਵੱਡੇ ਬਜ਼ਾਰ ਲਈ ਤਿਆਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ 'ਚ 2010 'ਚ ਸੈਂਸਰਸ਼ਿਪ ਸੰਬੰਧੀ ਚਿੰਤਾਵਾਂ ਸਾਹਮਣੇ ਆਉਣ ਤੋਂ ਬਾਅਦ ਗੂਗਲ ਨੂੰ ਚੀਨੀ ਬਜ਼ਾਰ ਛੱਡਣਾ ਪਿਆ ਸੀ।
ਸੋਮਵਾਰ ਨੂੰ ਪਿਚਾਈ ਨੇ ਕਿਹਾ ਕਿ ਅਜੇ ਇਹ ਪ੍ਰੋਜੈਕਟ ਸ਼ੁਰੂਆਤੀ ਪੜਾਅ 'ਚ ਹੈ'। ਸੁੰਦਰ ਸੈਨ ਫਰਾਂਸਿਸਕੋ ਵਿਚ ਵਾਇਰਡ-25 ਕਾਨਫਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ,'ਇਹ ਬਹੁਤ ਸ਼ੁਰੂਆਤੀ ਪੜਾਅ ਹੈ। ਸਾਨੂੰ ਨਹੀਂ ਪਤਾ ਕਿ ਅਸੀਂ ਚੀਨ 'ਚ ਇਸ 'ਤੇ ਅੱਗੇ ਵਧ ਸਕਾਂਗੇ ਜਾਂ ਨਹੀਂ, ਪਰ ਮੈਨੂੰ ਲਗਦਾ ਹੈ ਕਿ ਇਸ ਬਾਰੇ 'ਚ ਵਿਚਾਰ ਕਰਨਾ ਮਹੱਤਵਪੂਰਨ ਹੈ। ਸੁੰਦਰ ਨੇ ਕਿਹਾ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਾਡੇ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਬਹੁਤ ਵੱਡਾ ਬਜ਼ਾਰ ਹੈ ਅਤੇ ਉਥੇ ਬਹੁਤ ਸਾਰੇ ਉਪਭੋਗਤਾ ਹੈ। ਅੰਦਰੂਨੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਪ੍ਰਣਾਲੀ 99 ਫੀਸਦੀ ਤੋਂ ਜ਼ਿਆਦਾ ਸਵਾਲਾਂ ਦੇ ਜਵਾਬ ਦੇਣ 'ਚ ਸਮਰੱਥ ਹੈ।