ਵਿਦਿਆਰਥੀ ਸੁਰੱਖਿਆ ਦੁਰਘਟਨਾ ਬੀਮਾ ਦਾ ਪ੍ਰੀਮੀਅਮ ਸਮੇਂ ''ਤੇ ਜਮ੍ਹਾ ਨਾ ਕਰਵਾਉਣ ''ਤੇ ਕਾਲਜ ਨੂੰ ਜੁਰਮਾਨਾ
Saturday, Dec 22, 2018 - 08:36 PM (IST)

ਅਲਵਰ-ਕਾਲਜ 'ਚ ਦਾਖਲੇ (ਐਡਮਿਸ਼ਨ) ਦੇ ਸਮੇਂ ਬੀਮਾ ਪ੍ਰੀਮੀਅਮ ਰਾਸ਼ੀ ਕੱਟ ਲਏ ਜਾਣ ਦੇ ਬਾਵਜੂਦ ਇਸ ਰਾਸ਼ੀ ਨੂੰ ਸਮੇਂ 'ਤੇ ਸਟੇਟ ਇੰਸ਼ੋਰੈਂਸ ਐਂਡ ਪ੍ਰੋਵੈਂਸ਼ੀਅਲ ਡਿਪਾਰਟਮੈਂਟ ਨੂੰ ਨਾ ਭਿਜਵਾਉਣਾ ਕਾਲਜ ਪ੍ਰਸ਼ਾਸਨ ਨੂੰ ਮਹਿੰਗਾ ਪੈ ਗਿਆ। ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਕਾਲਜ ਪ੍ਰਸ਼ਾਸਨ ਨੂੰ ਇਕ ਮਹੀਨੇ 'ਚ ਬੀਮੇ ਦੇ ਰੂਪ ਵਿਚ ਦੇਣਯੋਗ 1 ਲੱਖ ਰੁਪਏ, ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚੇ ਲਈ 5,000 ਰੁਪਏ ਵੱਖਰੇ ਤੌਰ 'ਤੇ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਬੜੌਦਾਮੇਵ ਨਿਵਾਸੀ ਬਨਵਾਰੀ ਲਾਲ ਜਾਟਵ ਦੇ ਬੇਟੇ ਵਿਨੋਦ ਕੁਮਾਰ ਨੇ ਬਾਬੂ ਸ਼ੋਭਾਰਾਮ ਕਲਾ ਮਹਾਵਿਦਿਆਲਾ ਵਿਚ ਸੈਸ਼ਨ 2014-15 ਵਿਚ ਜਮਾਤ ਬੀ. ਏ. ਭਾਗ ਪਹਿਲਾ 'ਚ ਦਾਖਲਾ ਲਿਆ ਸੀ। ਇਸ ਦੀ ਫੀਸ ਰਾਸ਼ੀ 1415 ਰੁਪਏ ਜਮ੍ਹਾ ਕਰਵਾਈ ਸੀ। ਉਕਤ ਫੀਸ ਵਿਚ 50 ਰੁਪਏ ਵਿਦਿਆਰਥੀ ਸੁਰੱਖਿਆ ਦੁਰਘਟਨਾ ਬੀਮਾ ਪਾਲਿਸੀ ਦਾ ਪ੍ਰੀਮੀਅਮ ਸ਼ਾਮਲ ਸੀ। ਇਸ ਤਰ੍ਹਾਂ ਵਿਦਿਆਰਥੀ ਦਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ ਕੀਤਾ ਗਿਆ ਸੀ। ਬੀਮਾ ਪ੍ਰੀਮੀਅਮ ਰਾਸ਼ੀ ਕਾਲਜ ਵਲੋਂ 10 ਜੁਲਾਈ 2014 ਨੂੰ ਫੀਸ ਦੇ ਨਾਲ ਹੀ ਪ੍ਰਾਪਤ ਕਰ ਲਈ ਗਈ ਸੀ। ਉਕਤ ਰਾਸ਼ੀ ਇੰਸ਼ੋਰੈਂਸ ਡਿਪਾਰਟਮੈਂਟ ਨੂੰ ਕਾਲਜ ਵਲੋਂ 26 ਅਗਸਤ 2014 ਨੂੰ ਭਿਜਵਾਈ ਗਈ, ਜੋ ਇੰਸ਼ੋਰੈਂਸ ਡਿਪਾਰਟਮੈਂਟ ਨੂੰ 5 ਸਤੰਬਰ 2014 ਨੂੰ ਪ੍ਰਾਪਤ ਹੋਈ, ਜਿਸ ਕਾਰਨ ਵਿਦਿਆਰਥੀ ਦਾ ਬੀਮਾ 5 ਸਤੰਬਰ 2014 ਤੋਂ 4 ਸਤੰਬਰ 2015 ਤੱਕ ਦੀ ਮਿਆਦ ਲਈ ਹੀ ਕੀਤਾ ਗਿਆ। ਵਿਦਿਆਰਥੀ ਵਿਨੋਦ ਕੁਮਾਰ ਦੀ ਮੌਤ ਕਰੰਟ ਲੱਗਣ ਨਾਲ ਉਕਤ ਬੀਮਾ ਪਾਲਿਸੀ ਦੇ ਸ਼ੁਰੂ ਹੋਣ ਤੋਂ ਪਹਿਲਾਂ 13 ਜੁਲਾਈ 2014 ਨੂੰ ਹੀ ਹੋ ਗਈ ਸੀ। ਉਕਤ ਮਾਮਲੇ ਨੂੰ ਮ੍ਰਿਤਕ ਵਿਦਿਆਰਥੀ ਦੇ ਪਿਤਾ ਨੇ ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਦੇ ਕੋਲ ਦਰਜ ਕਰਵਾਇਆ।
ਇਹ ਕਿਹਾ ਫੋਰਮ ਨੇ
ਉਕਤ ਮਾਮਲੇ 'ਚ ਜ਼ਿਲਾ ਫੋਰਮ ਨੇ ਕਾਲਜ ਵਲੋਂ ਪ੍ਰੀਮੀਅਮ ਰਾਸ਼ੀ ਸਮੇਂ 'ਤੇ ਇੰਸ਼ੋਰੈਂਸ ਡਿਪਾਰਟਮੈਂਟ ਨੂੰ ਨਾ ਭੇਜੇ ਜਾਣ ਕਾਰਨ ਮ੍ਰਿਤਕ ਵਿਦਿਆਰਥੀ ਦੇ ਪਿਤਾ ਨੂੰ ਬੀਮਾ ਪਾਲਿਸੀ ਰਾਸ਼ੀ ਤੋਂ ਵਾਂਝੇ ਰਹਿਣ ਨੂੰ ਕਾਲਜ ਦਾ ਸੇਵਾ ਦੋਸ਼ ਮੰਨਦਿਆਂ ਇਕ ਮਹੀਨੇ ਵਿਚ ਉਕਤ ਬੀਮੇ ਦੇ ਰੂਪ ਵਿਚ ਦੇਣਯੋਗ 1 ਲੱਖ ਰੁਪਏ ਦੇਣ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚੇ ਲਈ 5,000 ਰੁਪਏ ਵੱਖਰੇ ਤੌਰ 'ਤੇ ਅਦਾ ਕਰਨ ਦੇ ਹੁਕਮ ਵੀ ਦਿੱਤੇ ਹਨ।