ਸਟੀਲ 10 ਫ਼ੀਸਦੀ ਹੋਰ ਮਹਿੰਗਾ, ਕਾਰ-ਬਾਈਕ ਕੀਮਤਾਂ 'ਚ ਹੋ ਸਕਦਾ ਹੈ ਵਾਧਾ

Tuesday, Apr 06, 2021 - 01:20 PM (IST)

ਨਵੀਂ ਦਿੱਲੀ- ਮੋਟਰਸਾਈਕਲ, ਕਾਰ ਤੇ ਨਿਰਮਾਣ ਖੇਤਰਾਂ ਵਿਚ ਪ੍ਰਮੁੱਖ ਤੌਰ 'ਤੇ ਇਸਤੇਮਾਲ ਹੋਣ ਵਾਲਾ ਸਟੀਲ ਲਗਾਤਾਰ ਮਹਿੰਗਾ ਹੋ ਰਿਹਾ ਹੈ। ਨਵੇਂ ਵਿੱਤੀ ਸਾਲ ਵਿਚ ਵੀ ਇਸ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਹੈ। ਖ਼ਬਰ ਹੈ ਕਿ ਪ੍ਰਮੁੱਖ ਸਟੀਲ ਨਿਰਮਾਤਾਵਾਂ ਨੇ ਕੀਮਤਾਂ ਵਿਚ 10 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ। ਇੰਨਾ ਹੀ ਨਹੀਂ ਅੱਗੇ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਵਜ੍ਹਾ ਨਾਲ ਮੋਟਰਸਾਈਕਲ, ਕਾਰਾਂ ਤੇ ਘਰਾਂ ਦੀ ਨਿਰਮਾਣ ਲਾਗਤ ਹੋਰ ਵੱਧ ਸਕਦੀ ਹੈ, ਲਿਹਾਜਾ ਤੁਹਾਡੀ ਜੇਬ 'ਤੇ ਬੋਝ ਵਧੇਗਾ।

ਇੰਡਸਟਰੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਕ ਪ੍ਰਮੁੱਖ ਸਟੀਲ ਨਿਰਮਾਤਾ ਨੇ 5 ਅਪ੍ਰੈਲ ਨੂੰ ਕੀਮਤਾਂ ਵਿਚ 4,000 ਰੁਪਏ ਵਾਧਾ ਕੀਤਾ ਹੈ। ਇਸ ਨਾਲ ਹੌਟ ਰੋਲ ਸਟੀਲ ਦੀ ਕੀਮਤ 57,000 ਰੁਪਏ ਟਨ ਹੋ ਗਈ ਹੈ।

ਇੰਡਸਟਰੀ ਸੂਤਰਾਂ ਮੁਤਾਬਕ, ਟਾਟਾ ਸਟੀਲ ਤੇ ਆਰਸੇਲਰ ਮਿੱਤਲ ਨੇ ਵੀ ਕੀਮਤਾਂ ਵਿਚ ਵਾਧਾ ਕੀਤਾ ਹੈ। ਇੰਡਸਟਰੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਾਹਨਾਂ ਦੀ ਬਿਹਤਰ ਵਿਕਰੀ ਤੇ ਸਰਕਾਰੀ ਪ੍ਰੋਜੈਕਟਾਂ ਨਾਲ ਨਿਰਮਾਣ ਸਰਗਰਮੀਆਂ ਵਿਚ ਤੇਜ਼ੀ ਨਾਲ ਘਰੇਲੂ ਮੰਗ ਚੰਗੀ ਬਣੀ ਹੋਈ ਹੈ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਉੱਚੇ ਪੱਧਰ 'ਤੇ ਹਨ। ਚੀਨ ਤੋਂ ਇੰਪਰੋਟ ਸਟੀਲ ਨਾਲੋਂ ਘਰੇਲੂ ਕੀਮਤਾਂ ਹੁਣ ਵੀ ਲਗਭਗ 9,000 ਰੁਪਏ ਘੱਟ ਹਨ। ਇਸ ਵਜ੍ਹਾ ਨਾਲ ਘਰੇਲੂ ਸਟੀਲ ਨਿਰਮਾਤਾਵਾਂ ਕੋਲ ਕੀਮਤਾਂ ਵਧਾਉਣ ਦਾ ਹਾਲੇ ਵੀ ਮੌਕਾ ਹੈ। ਗੌਰਤਲਬ ਹੈ ਕਿ ਸਟੀਲ ਕੀਮਤਾਂ ਵਿਚ ਜੂਨ 2020 ਤੋਂ ਵਾਧਾ ਹੋ ਰਿਹਾ ਹੈ।


Sanjeev

Content Editor

Related News