ਸਟਾਰਬਕਸ ਫਿਲਟਰ ਕੌਫੀ, ਮਸਾਲਾ ਚਾਹ ਨਾਲ ਦੇਸੀ ਸਵਾਦ ਦੇਣ ਦੀ ਤਿਆਰੀ ’ਚ

Tuesday, Jul 12, 2022 - 03:12 PM (IST)

ਸਟਾਰਬਕਸ ਫਿਲਟਰ ਕੌਫੀ, ਮਸਾਲਾ ਚਾਹ ਨਾਲ ਦੇਸੀ ਸਵਾਦ ਦੇਣ ਦੀ ਤਿਆਰੀ ’ਚ

ਨਵੀਂ ਦਿੱਲੀ (ਇੰਟ.) – ਵਿਦੇਸ਼ੀ ਸਟਾਰਬਕਸ ਦੇਸੀ ਬਣਨ ਦੀ ਪੂਰੀ ਤਿਆਰੀ ’ਚ ਹੈ। ਇਕ ਰਿਪੋਰਟ ਮੁਤਾਬਕ ਰਿਆਇਤੀ ਬਦਲ ਨਾਲ ਭਾਰਤੀ ਖਪਤਕਾਰਾਂ ਨੂੰ ਆਕਰਸ਼ਿਤ ਕਰਨ ਲਈ ਸਟਾਰਬਕਸ ਮਸਾਲਾ ਚਾਹ ਅਤੇ ਫਿਲਟਰ ਕੌਫੀ ਨਾਲ ਆਪਣੇ ਮੈਨਯੂ ’ਚ ਸੁਧਾਰ ਕਰ ਰਹੀ ਹੈ।

ਭਾਰਤੀਆਂ ਦੀ ਪਸੰਦ ਨੂੰ ਦੇਖਦੇ ਹੋਏ ਸਟਾਰਬਕਸ ਹੁਣ ਆਪਣੇ ਮੈਨਯੂ ’ਚ ਨਵੇਂ ਬਦਲਾਅ ਤਹਿਤ ਸਟ੍ਰੀਟ ਸਟਾਈਲ ਵਾਲੇ ਸੈਂਡਵਿਚ, ਮਿਲਕਸ਼ੇਕ ਅਤੇ ਸਨੈਕਸ ਵੀ ਸ਼ਾਮਲ ਕਰਨ ਵਾਲਾ ਹੈ। ਸਟਾਰਬਕਸ ਆਪਣੇ ਮੈਨਯੂ ’ਚ ਬਦਲਾਅ ਲਿਆਉਣ ਤੋਂ ਪਹਿਲਾਂ ਇਸ ਦਾ ਪ੍ਰੀਖਣ ਕਰ ਚੁੱਕਾ ਹੈ। ਇਸ ਨੇ ਪਹਿਲਾਂ ਭਾਰਤ ਦੇ 4 ਵੱਡੇ ਬਾਜ਼ਾਰਾਂ ਬੇਂਗਲੁਰੂ, ਭੋਪਾਲ, ਇੰਦੌਰ ਅਤੇ ਗੁੜਗਾਓਂ ’ਚ ਇਸ ਮੈਨਯੂ ਦਾ ਪ੍ਰੀਖਣ ਕੀਤਾ ਜੋ ਸਫਲ ਰਿਹਾ।

ਭਾਰਤ ’ਚ ਪੈਰ ਜਮਾਉਣ ਦੀ ਤਿਆਰੀ ’ਚ

ਦੱਸ ਦਈਏ ਕਿ ਸਟਾਰਬਕਸ ਦੁਨੀਆ ਦੀ ਸਭ ਤੋਂ ਵੱਡੀ ਕੌਫੀ ਹਾਊਸ ਕੰਪਨੀ ਹੈ। ਇਸ ਕੰਪਨੀ ਨੇ ਇਕੱਲੇ ਅਮਰੀਕਾ ’ਚ 11,000 ਤੋਂ ਵੱਧ, ਕੈਨੇਡਾ ’ਚ 1000 ਤੋਂ ਵੱਧ ਅਤੇ ਯੂਰਪ ’ਚ 700 ਤੋਂ ਵੱਧ ਸਟੋਰ ਹਨ। ਪਰ ਭਾਰਤ ’ਚ ਕੰਪਨੀ ਓਨੀ ਸਫਲ ਨਹੀਂ ਹੋ ਸਕੀ ਕਿਉਂਕਿ ਭਾਰਤੀਆਂ ਦੀ ਕੌਫੀ ਦਾ ਸਵਾਦ ਬਾਕੀ ਸਵਾਦ ਤੋਂ ਵੱਖ ਹੈ। ਭਾਰਤੀ ਆਮ ਤੌਰ ’ਤੇ ਥੋੜੇ ਮਿੱਠੇ ਵੱਲ ਝੁਕਾਅ ਵਾਲੀ ਕੌਫੀ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਬਾਕੀ ਦੁਨੀਆ ’ਚ ਲੋਕ ਥੋੜੀ ਡਾਰਕ ਜਾਂ ਇੰਝ ਕਹਿ ਲਓ ਕਿ ਫਿਲਟਰ ਕੌਫੀ ਪਸੰਦ ਕਰਦੇ ਹਨ। ਉੱਥੇ ਹੀ ਭਾਰਤੀ ਕੌਫੀ ਤੋਂ ਜ਼ਿਆਦਾ ਚਾਹ ਨੂੰ ਤਰਜੀਹ ਦਿੰਦੇ ਹਨ।

ਕਈ ਵਿਦੇਸ਼ੀ ਬ੍ਰਾਂਡ ਨੇ ਆਪਣੇ ਸਵਾਦ ਨੂੰ ਕੀਤਾ ਦੇਸੀ

ਇਸ ਤੋਂ ਪਹਿਲਾਂ 1980 ਦੇ ਦਹਾਕੇ ’ਚ ਨੈਸਲੇ ਨੇ ਆਪਣੇ ਮੈਗੀ ਦੇ ਸਵਾਦ ਨੂੰ ਬਦਲਿਆ। ਇਸ ਨੇ ਮੈਗੀ ਬ੍ਰਾਂਡ ਲਈ ‘ਹੌਟ ਐਂਡ ਸਪਾਇਸੀ’ ਸੌਸ ਮਸਾਲਾ ਦਿੱਤਾ। ਫਿਰ ਪਿੱਜ਼ਾ ਹੱਟ ਤੋਂ ਪਨੀਰ ਪਿੱਜ਼ਾ ਅਤੇ ਮੈਕਡੋਨਲਡਜ਼ ਦੇ ਪ੍ਰਸਿੱਧ ਮੈਕਆਲੂ ਟਿੱਕੀ ਬਰਗਰ ਵੀ ਦੇਖਣ ਨੂੰ ਮਿਲੇ। ਉੱਥੇ ਹੀ ਇੰਟਰਨੈਸ਼ਨਲ ਫਾਸਟ ਫੂਡ ਚੇਨ ਦੀ ਸਭ ਤੋਂ ਲੰਮੀ ਲਿਸਟ ’ਚ ਸਟਾਰਬਕਸ ਵੀ ਸ਼ਾਮਲ ਹੋ ਰਿਹਾ ਹੈ।

ਗਾਹਕਾਂ ਨੂੰ ਵਧੇਰੇ ਬਦਲ ਮਿਲਣਗੇ

ਟਾਟਾ ਸਟਾਰਬਕਸ ਦੇ ਸੀ. ਈ. ਓ. ਸੁਸ਼ਾਂਦ ਦਾਸ ਜੋ ਭਾਰਤ ’ਚ ਸਟਾਰਬਕਸ ਦਾ ਸੰਚਾਲਨ ਕਰਦੇ ਹਨ, ਨੇ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਨਯੂ ’ਚ ਲਿਆਉਣ ਦਾ ਸਾਡਾ ਮਕਸਦ ਨਵੇਂ ਗਾਹਕਾਂ ਨੂੰ ਆਪਣੇ ਘੇਰੇ ’ਚ ਲਿਆਉਣਾ ਹੈ। ਮੈਨਯੂ ’ਚ ਇਸ ਵਾਧੇ ਦੇ ਨਾਲ ਹੀ ਸਾਡੇ ਗਾਹਕਾਂ ਨੂੰ ਹੋਰ ਜ਼ਿਆਦਾ ਬਦਲ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਸਟਾਰਬਕਸ ਆਪਣੇ ਮੈਨਯੂ ’ਚ ਛੋਲੇ, ਪਨੀਰ, ਕੁਲਚੇ ਦੇ ਨਾਲ-ਨਾਲ ਹਲਦੀ ਲਾਟੇ (ਦੇਸੀ ਭਾਸ਼ਾ ’ਚ ਕਹੀਏ ਤਾਂ ਹਲਦੀ ਵਾਲਾ ਦੁੱਧ) ਜੋੜਨ ਵਾਲਾ ਹੈ।


author

Harinder Kaur

Content Editor

Related News