ਸਪਾਈਸ ਜੈੱਟ 4 ਦਸੰਬਰ ਨੂੰ ਸ਼ੁਰੂ ਕਰੇਗੀ ਇਹ ਕੌਮਾਂਤਰੀ ਉਡਾਣਾਂ, ਜਾਣੋ ਕਿਰਾਏ

10/12/2020 9:20:48 PM

ਨਵੀਂ ਦਿੱਲੀ— ਕਿਫ਼ਾਇਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਸਪਾਈਸ ਜੈੱਟ ਪਹਿਲਾਂ ਹੀ 4 ਦਸੰਬਰ ਤੋਂ ਦਿੱਲੀ ਅਤੇ ਮੁੰਬਈ ਤੋਂ ਲੰਡਨ ਹੀਥਰੋ ਲਈ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕਰ ਚੁੱਕੀ ਹੈ। ਹੁਣ ਏਅਰਲਾਈਨ ਦੋਹਾਂ ਰਾਊਂਡਟ੍ਰਿਪ 'ਤੇ 53,555 ਰੁਪਏ ਦੇ ਪ੍ਰੋਮੋ ਕਿਰਾਏ ਦੀ ਪੇਸ਼ਕਸ਼ ਕਰ ਰਹੀ ਹੈ।

ਸਪਾਈਸ ਜੈੱਟ ਦੀ ਵੈੱਬਸਾਈਟ ਅਨੁਸਾਰ, ਨਵੀਂ ਦਿੱਲੀ ਤੋਂ ਲੰਡਨ ਲਈ ਇਕ ਪਾਸੇ ਦਾ ਕਿਰਾਇਆ 25,555 ਰੁਪਏ ਤੋਂ ਸ਼ੁਰੂ ਹੈ, ਜਦੋਂ ਕਿ ਮੁੰਬਈ ਤੋਂ ਲੰਡਨ ਦਾ ਕਿਰਾਇਆ 32,179 ਰੁਪਏ ਤੋਂ ਸ਼ੁਰੂ ਹੈ।

ਉੱਥੇ ਹੀ, ਏਅਰਲਾਈਨ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਤੋਂ ਦੁਪਹਿਰੋਂ ਬਾਅਦ 1 ਵਜੇ ਰਵਾਨਾ ਹੋਣ ਵਾਲੀ ਉਡਾਣ ਸ਼ਾਮ 5.30 ਵਜੇ ਲੰਡਨ ਪਹੁੰਚ ਜਾਵੇਗੀ। ਇਸੇ ਤਰ੍ਹਾਂ ਮੁੰਬਈ ਤੋਂ ਸਵੇਰੇ 7.20 ਵਜੇ ਰਵਾਨਾ ਹੋਣ ਵਾਲੀ ਉਡਾਣ ਸ਼ਾਮ 5.30 ਵਜੇ ਲੰਡਨ ਪਹੁੰਚੇਗੀ। ਇਸ ਮਾਰਗ 'ਤੇ ਏਅਰਲਾਈਨ ਏਅਰਬੱਸ ਏ330-900 ਨਿਓ ਜਹਾਜ਼ ਜ਼ਰੀਏ ਸੇਵਾ ਦੇਵੇਗੀ। ਇਹ ਉਡਾਣ ਭਾਰਤ-ਬ੍ਰਿਟੇਨ ਏਅਰ ਬੱਬਲ ਕਰਾਰ ਤਹਿਤ ਸ਼ੁਰੂ ਹੋਣ ਜਾ ਰਹੀ ਹੈ। ਏਅਰਲਾਈਨ ਨੇ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸਪਾਈਸ ਜੈੱਟ ਲੰਡਨ ਲਈ ਹਫ਼ਤੇ 'ਚ ਤਿੰਨ ਉਡਾਣਾਂ ਚਲਾਏਗੀ, ਜਿਸ 'ਚ ਦੋ ਦਿੱਲੀ ਤੋਂ ਅਤੇ ਮੁੰਬਈ ਤੋਂ ਹਫ਼ਤੇ 'ਚ ਇਕ ਵਾਰ ਹੋਵੇਗੀ। ਗੌਰਤਲਬ ਹੈ ਕਿ ਮੌਜੂਦਾ ਸਮੇਂ ਰਾਸ਼ਟਰੀ ਜਾਹਜ਼ ਕੰਪਨੀ ਏਅਰ ਇੰਡੀਆ ਇਕਲੌਤੀ ਭਾਰਤੀ ਏਅਰਲਾਈਨ ਹੈ ਜੋ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਲਈ ਕੌਮਾਂਤਰੀ ਉਡਾਣਾਂ ਭਰਦੀ ਹੈ।


Sanjeev

Content Editor Sanjeev