ਬੈਂਕਾਂ ਵੱਲੋਂ ਵਿਸ਼ੇਸ਼ FD ਦਾ ਤੋਹਫ਼ਾ, ਮਾਂ-ਪਿਓ ਨੂੰ ਕਰਾ ਸਕਦੇ ਹੋ ਇੰਨਾ ਫਾਇਦਾ

4/14/2021 1:12:10 PM

ਨਵੀਂ ਦਿੱਲੀ- ਦਿੱਗਜ ਸਰਕਾਰੀ ਅਤੇ ਨਿੱਜੀ ਬੈਂਕਾਂ ਨੇ ਸੀਨੀਅਰ ਸਿਟੀਜ਼ਨਸ ਲਈ ਵਿਸ਼ੇਸ਼ ਫਿਕਸਡ ਡਿਪਾਜ਼ਿਟ (ਐੱਫ. ਡੀ.) ਸਕੀਮ 30 ਜੂਨ 2021 ਤੱਕ ਵਧਾ ਦਿੱਤੀ ਹੈ। ਕੋਵਿਡ-19 ਮਹਾਮਾਰੀ ਅਤੇ ਘੱਟ ਰਹੀਆਂ ਵਿਆਜ ਦਰਾਂ ਵਿਚਕਾਰ ਮਈ 2020 ਵਿਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਬੈਂਕ ਆਫ਼ ਬੜੌਦਾ (ਬੀ. ਓ. ਬੀ.) ਨੇ ਪੰਜ ਸਾਲ ਦੀ ਐੱਫ. ਡੀ. ਲਈ ਸੀਨੀਅਰ ਸਿਟੀਜ਼ਨਸ ਲਈ ਵਿਸ਼ੇਸ਼ ਐੱਫ. ਡੀ. ਸਕੀਮਾਂ ਪੇਸ਼ ਕੀਤੀਆਂ ਸਨ।

ਇਨ੍ਹਾਂ ਸਾਰੇ ਬੈਂਕਾਂ ਨੇ ਸਕੀਮ ਨੂੰ ਵਧਾ ਦਿੱਤਾ ਹੈ। ਹੁਣ ਬੈਂਕ ਐੱਫ. ਡੀ. ਵਿਚ ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲੇ ਸੀਨੀਅਰ ਸਿਟੀਜ਼ਨਸ 30 ਜੂਨ 2021 ਤੱਕ ਵਿਸ਼ੇਸ਼ ਸਕੀਮ ਦਾ ਫਾਇਦਾ ਉਠਾ ਸਕਦੇ ਹਨ।

SBI
ਬੈਂਕ ਨੇ ਸੀਨੀਅਰ ਸਿਟੀਜ਼ਨਸ ਲਈ 'ਵੀਕੇਅਰ ਡਿਪਾਜ਼ਿਟ' ਸਕੀਮ ਪੇਸ਼ ਕੀਤੀ ਹੈ ਅਤੇ ਇਸ 'ਤੇ ਜਨਰਲ ਪਬਲਿਕ ਨਾਲੋਂ 0.8 ਫ਼ੀਸਦੀ ਵੱਧ ਵਿਆਜ ਮਿਲ ਰਿਹਾ ਹੈ। ਮੌਜੂਦਾ ਸਮੇਂ ਜਨਰਲ ਪਬਲਿਕ ਲਈ 5 ਸਾਲ ਦੀ ਐੱਫ. ਡੀ. 'ਤੇ ਵਿਆਜ ਦਰ 5.40 ਫ਼ੀਸਦੀ ਹੈ। ਜੇਕਰ ਸੀਨੀਅਰ ਸਿਟੀਜ਼ਨ ਵਿਸ਼ੇਸ਼ ਐੱਫ. ਡੀ. ਵਿਚ ਨਿਵੇਸ਼ ਕਰਦੇ ਹਨ ਤਾਂ ਉਹ ਇਸ ਸਮੇਂ 6.20 ਫ਼ੀਸਦੀ ਦੀ ਸਾਲਾਨਾ ਵਿਆਜ ਦਰ 'ਤੇ ਰਿਟਰਨ ਪ੍ਰਾਪਤ ਕਰ ਸਕਦੇ ਹਨ।

HDFC ਬੈਂਕ
ਇਹ ਬੈਂਕ 'ਸੀਨੀਅਰ ਸਿਟੀਜ਼ਨ ਕੇਅਰ ਐੱਫ. ਡੀ.' ਸਕੀਮ ਤਹਿਤ ਜਰਨਲ ਪਬਲਿਕ ਨਾਲੋਂ 0.75 ਫ਼ੀਸਦੀ ਵੱਧ ਵਿਆਜ ਦੇ ਰਿਹਾ ਹੈ। ਸੀਨੀਅਰ ਸਿਟੀਜ਼ਨਸ ਮੌਜੂਦਾ ਸਮੇਂ 6.25 ਫ਼ੀਸਦੀ ਦੀ ਸਾਲਾਨਾ ਦਰ 'ਤੇ ਇਸ ਸਕੀਮ ਵਿਚ ਐੱਫ. ਡੀ. ਕਰਾ ਸਕਦੇ ਹਨ।

ਇਹ ਵੀ ਪੜ੍ਹੋਸੋਨੇ 'ਚ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪਾਰ, ਨਿਵੇਸ਼ਕਾਂ ਦੀ ਫਿਰ ਹੋਵੇਗੀ 'ਚਾਂਦੀ'

ICICI ਬੈਂਕ
ਨਿੱਜੀ ਖੇਤਰ ਦਾ ਆਈ. ਸੀ. ਆਈ. ਸੀ. ਆਈ. ਬੈਂਕ 'ਗੋਲਡਨ ਯੀਅਰਸ ਐੱਫ. ਡੀ.' ਸਕੀਮ ਤਹਿਤ ਸੀਨੀਅਰ ਸਿਟੀਜ਼ਨਸ ਨੂੰ 0.8 ਫ਼ੀਸਦੀ ਜ਼ਿਆਦਾ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਸਮੇਂ ਸੀਨੀਅਰ ਸਿਟੀਜ਼ਨਸ ਨੂੰ 6.30 ਫ਼ੀਸਦੀ ਦੀ ਸਾਲਾਨਾ ਦਰ ਮਿਲ ਰਹੀ ਹੈ।

ਇਹ ਵੀ ਪੜ੍ਹੋ- 5G ਸੇਵਾ ਸ਼ੁਰੂ ਕਰਨ ਦੀ ਤਿਆਰੀ 'ਚ AIRTEL, ਮਿਲੇਗਾ ਸੁਪਰਫਾਸਟ ਨੈੱਟ

ਬੜੌਦਾ ਬੈਂਕ
ਬੈਂਕ ਆਫ਼ ਬੜੌਦਾ (ਬੀ. ਓ. ਬੀ.) ਸੀਨੀਅਰ ਸਿਟੀਜ਼ਨਸ ਨੂੰ 100 ਬੇਸਿਸ ਅੰਕ ਯਾਨੀ 1 ਫ਼ੀਸਦੀ ਵੱਧ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਵਿਸ਼ੇਸ਼ ਐੱਫ. ਡੀ. ਸਕੀਮ (5 ਸਾਲ ਤੋਂ ਉਪਰ 10 ਸਾਲ ਤੱਕ) ਤਹਿਤ ਜੇਕਰ ਕੋਈ ਸੀਨੀਅਰ ਸਿਟੀਜ਼ਨ ਇਸ ਸਮੇਂ ਐੱਫ. ਡੀ. ਕਰਾਉਂਦਾ ਹੈ ਤਾਂ 6.25 ਫ਼ੀਸਦੀ ਵਿਆਜ ਦਰ ਲਾਗੂ ਹੋਵੇਗੀ।

►ਵਿਸ਼ੇਸ਼ ਐੱਫ. ਡੀ. ਸਕੀਮਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor Sanjeev