ਧੀ ਵਾਲੇ ਹਾਂ, ਕੋਈ ਕਮੀ ਰਹਿ ਗਈ ਹੋਵੇ ਤਾਂ ਮੁਆਫ ਕਰਨਾ : ਮੁਕੇਸ਼ ਅੰਬਾਨੀ

Monday, Dec 10, 2018 - 03:27 PM (IST)

ਨਵੀਂ ਦਿੱਲੀ — ਇਕ ਪਿਤਾ ਭਾਵੇਂ ਜਿੰਨਾ ਮਰਜ਼ੀ ਵੱਡਾ ਕਾਰੋਬਾਰੀ ਹੋਵੇ, ਉਸ ਕੋਲ ਦੁਨੀਆ ਭਰ ਦੀ ਦੌਲਤ ਹੋਵੇ ਪਰ ਇਕ ਪਿਤਾ ਲਈ ਧੀ ਨੂੰ ਵਿਆਹ ਤੋਂ ਬਾਅਦ ਵਿਦਾ ਕਰਨਾ ਉਸ ਲਈ ਹਮੇਸ਼ਾ ਭਾਵੁਕ ਸਮਾਂ ਹੁੰਦਾ ਹੈ। ਅਜਿਹਾ ਹੀ ਦ੍ਰਿਸ਼ ਦਿਖਾਈ ਦਿੱਤਾ ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ ਸੇਰੇਮਨੀ ਵਿਚ। ਜਦੋਂ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਦੇ ਮੁਖੀ ਮੁਕੇਸ਼ ਅੰਬਾਨੀ ਆਪਣੀ ਬੇਟੀ ਲਈ ਭਾਵੁਕ ਹੁੰਦੇ ਦਿਖਾਈ ਦਿੱਤੇ। ਮੁਕੇਸ਼ ਅੰਬਾਨੀ ਮਹਿਮਾਨਾਂ ਵਿਚ ਹੱਥ ਜੋੜ ਕੇ ਕਹਿ ਰਹੇ ਸਨ ਕਿ ਅਸੀਂ ਲੜਕੀ ਵਾਲੇ ਹਾਂ।

ਮੁਕੇਸ਼ ਅੰਬਾਨੀ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ 

ਮੁਕੇਸ਼ ਅੰਬਾਨੀ ਨੇ ਕਿਹਾ,' ਅਸੀਂ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਬੁੱਧਵਾਰ ਨੂੰ ਅਸੀਂ ਵਿਆਹ ਸਮਾਗਮਾਂ ਵਿਚ ਬਿਜ਼ੀ ਰਹਿਣ ਵਾਲੇ ਹਾਂ। ਕਿਤੇ ਕੋਈ ਕਮੀ ਰਹਿ ਗਈ ਹੋਵੇ ਤਾਂ ਥੋੜ੍ਹਾ ਤਾਂ ਸਹਿਣ ਕਰਨਾ ਹੀ ਪਵੇਗਾ, ਆਖਿਰ ਅਸੀਂ ਲੜਕੀ ਵਾਲੇ ਹਾਂ। ਧੀ ਦਾ ਵਿਆਹ ਹੈ। ਮੇਰੇ ਦੋਸਤ ਜਿਹੜੇ ਲੰਮੀ ਦੂਰੀ ਤੈਅ ਕਰਕੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਹਨ, ਇਥੇ ਆਉਣ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਆਓ ਅੱਜ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾਂ। ਮੇਰੇ ਦੋ ਜੁੜਵਾ ਬੱਚੇ ਹਨ। ਆਕਾਸ਼ ਅਤੇ ਈਸ਼ਾ। ਬੇਟੇ ਆਕਾਸ਼ ਦੇ ਹੀਰੋ ਤਾਂ ਸੂਪਰਮੈਨ-ਬੈਟਮੈਨ ਹਨ। ਬਚਪਨ ਵਿਚ ਉਸਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਸਦੀ ਮਾਂ ਵੀ ਉਨ੍ਹਾਂ ਦੀ ਤਰ੍ਹਾਂ ਹੀ ਹੈ। ਪਰ ਬੇਟੀ ਈਸ਼ਾ ਦੀ ਕਈ ਸਾਲਾਂ ਤੋਂ ਇਕ ਹੀ ਹੀਰੋ ਹੈ ਅਤੇ ਉਹ ਹੈ ਹਿਲੇਰੀ ਕਲਿੰਟਨ, ਜਿਹੜੀ ਕਿ ਅੱਜ ਸਾਡੇ ਨਾਲ ਹੈ। ਉਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਬਿਲ ਕਲਿੰਟਨ ਅਤੇ ਹਿਲੇਰੀ ਨਾਲ ਮੇਰੀ ਦੋਸਤੀ ਦੋ ਦਹਾਕਿਆਂ ਤੋਂ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਬਹੁਤ ਸਾਰੇ ਪਿਆਰੇ ਦੋਸਤ ਅਤੇ ਮਹਿਮਾਨ ਹਨ, ਮੈਂ ਸਾਰਿਆਂ ਦਾ ਨਾਂ ਤਾਂ ਨਹੀਂ ਲੈ ਸਕਦਾ, ਪਰ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਅਸੀਂ ਪਰੰਪਰਾ ਬਦਲਣਾ ਚਾਹੁੰਦੇ ਸੀ, ਪਰ ਮੁਕੇਸ਼ ਨਹੀਂ ਮੰਨ੍ਹੇ - ਅਜੇ ਪਿਰਾਮਲ

ਸਮੇਂ ਦੇ ਨਾਲ ਰਿਸ਼ਤੇ ਬਦਲੇ ਹਨ। ਇਸ ਭਾਵੁਕ ਸਮੇਂ ਮੁਕੇਸ਼ ਅੰਬਾਨੀ ਦੇ ਕੁੜਮ ਅਤੇ ਈਸ਼ਾ ਦੇ ਹੋਣ ਵਾਲੇ ਸਹੁਰਾ ਸਾਹਿਬ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ, ਜਿਵੇਂ ਕਿ ਮੁਕੇਸ਼ ਨੇ ਕਿਹਾ ਕਿ ਅਸੀਂ ਤਾਂ ਧੀ ਵਾਲੇ ਹਾਂ। ਸਾਲਾਂ ਤੋਂ ਇਹ ਪਰੰਪਰਾ ਹੈ ਕਿ ਲਾੜੇ ਦਾ ਪਰਿਵਾਰ, ਦੋਸਤ ਆਉਂਦੇ ਹਨ ਅਤੇ ਮਹਿਮਾਨਾਂ ਦੇ ਪੂਰੇ ਸਵਾਗਤ ਦੀ ਵਿਵਸਥਾ ਲੜਕੀ ਵਾਲੇ ਕਰਦੇ ਹਨ। ਅਸੀਂ ਇਨ੍ਹਾਂ ਪਰੰਪਰਾਵਾਂ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮੁਕੇਸ਼ ਅੱਗੇ ਬੇਨਤੀ ਵੀ ਕੀਤੀ। ਪਰ ਤੁਹਾਨੂੰ ਪਤਾ ਹੈ ਕਿ ਸਭ ਤੋਂ ਸਫਲ ਕਾਰੋਬਾਰੀ ਕੌਣ ਹੈ। ਮੁਕੇਸ਼ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ। ਇਥੋਂ ਦੀ ਮੇਜ਼ਬਾਨੀ ਲਈ ਲੋਕ ਮੈਨੂੰ ਵਧਾਈ ਦੇ ਰਹੇ ਹਨ ਪਰ ਇਹ ਸਾਰੀਆਂ ਵਿਵਸਥਾਵਾਂ ਨੀਤਾ-ਮੁਕੇਸ਼ ਅਤੇ ਉਨ੍ਹਾਂ ਦੀ ਟੀਮ ਨੇ ਕੀਤੀਆਂ ਹਨ। ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਸਾਡਾ ਵਿਰਸਾ ਹੈ ਕਿ ਮਹਿਮਾਨ ਭਗਵਾਨ ਹੁੰਦਾ ਹੈ ਯਾਨੀ ਮਹਿਮਾਨ ਦਾ ਸਵਾਗਤ ਸਾਨੂੰ ਭਗਵਾਨ ਦੀ ਤਰ੍ਹਾਂ ਕਰਨਾ ਚਾਹੀਦਾ ਹੈ। ਸੇਰੇਮਨੀ ਦੇ ਇੰਤਜ਼ਾਮਾਂ ਨਾਲ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਨੀਤਾ-ਮੁਕੇਸ਼ ਨੇ ਇਸ ਨੂੰ ਪੂਰਾ ਕਰਕੇ ਦਿਖਾਇਆ ਹੈ।


Related News