ਸੋਨਾਲੀਕਾ ਨੇ ਲਾਂਚ ਕੀਤਾ ਇਲੈਕਟ੍ਰਿਕ ਟਰੈਕਟਰ, ਜਾਣੋ ਖੂਬੀਆਂ ਤੇ ਕੀਮਤ
Wednesday, Dec 23, 2020 - 09:51 PM (IST)
ਮੁੰਬਈ : ਸੋਨਾਲੀਕਾ ਨੇ ਬੁੱਧਵਾਰ ਨੂੰ ਆਪਣਾ ਇਲੈਕਟ੍ਰਿਕ ਟਰੈਕਟਰ ਲਾਂਚ ਕੀਤਾ, ਜੋ ਦੇਸ਼ ਵਿਚ ਹੁਣ ਤੱਕ ਦਾ ਪਹਿਲਾ ਅਜਿਹਾ ਟਰੈਕਟਰ ਹੈ। ਇਸ ਦੀ ਸ਼ੋਅਰੂਮ ਕੀਮਤ ਸ਼ੁਰੂ ਵਿਚ 5.99 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਨੂੰ ਟਾਈਗਰ ਨਾਂ ਦਿੱਤਾ ਹੈ।
ਇਸ ਟਰੈਕਟਰ ਵਿਚ 25.5 ਕਿਲੋਵਾਟ ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਘਰ ਦੀ ਆਮ ਚਾਰਜਿੰਗ ਸਾਕਟ ਵਿਚ 10 ਘੰਟੇ ਵਿਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ, ਜਦੋਂ ਕਿ ਫਾਸਟ ਚਾਰਜਿੰਗ ਸਿਸਟਮ ਨਾਲ ਇਸ ਨੂੰ ਸਿਰਫ 4 ਘੰਟੇ ਵਿਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ।
ਕੰਪਨੀ ਨੇ ਕਿਹਾ ਕਿ ਟਾਈਗਰ ਇਲੈਕਟ੍ਰਿਕ ਇਕ ਵਾਰ ਵਿਚ 2 ਟਨ ਟਰਾਲੀ ਨਾਲ ਲਾ ਕੇ 8 ਘੰਟੇ ਚੱਲ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਸਪੀਡ 24.93 ਕਿਲੋਮੀਟਰ ਪ੍ਰਤੀ ਘੰਟਾ ਹੈ। ਗੌਰਤਲਬ ਹੈ ਕਿ ਤਿੰਨ ਸਾਲ ਪਹਿਲਾਂ ਐਸਕੋਰਟਸ ਨੇ ਆਪਣੇ ਇੱਥੇ ਵਿਕਸਤ ਕੀਤੇ ਇਲੈਕਟ੍ਰਿਕ ਟਰੈਕਟਰ ਤੋਂ ਪਰਦਾ ਚੁੱਕਿਆ ਸੀ। ਐਸਕੋਰਟਸ ਨੇ ਇਸ ਨੂੰ ਕੁਝ ਵਿਕਸਤ ਬਾਜ਼ਾਰਾਂ ਵਿਚ ਬਰਾਮਦ ਕੀਤਾ ਪਰ ਭਾਰਤ ਵਿਚ ਇਸ ਨੂੰ ਲਾਂਚ ਨਹੀਂ ਕੀਤਾ ਸੀ। ਹੁਸ਼ਿਆਰਪੁਰ ਦੀ ਕੰਪਨੀ ਸੋਨਾਲੀਕਾ ਨੇ ਕਿਹਾ ਕਿ ਇਸ ਨੇ ਵੱਡੇ ਮਾਡਲਾਂ ਸਮੇਤ ਕਈ ਤਰ੍ਹਾਂ ਦੇ ਇਲੈਕਟ੍ਰਿਕ ਟਰੈਕਟਰ ਤਿਆਰ ਕੀਤੇ ਹਨ ਅਤੇ ਇਨ੍ਹਾਂ ਨੂੰ ਵਪਾਰਕ ਤੌਰ 'ਤੇ ਬਾਜ਼ਾਰ ਵਿਚ ਨੇੜਲੇ ਭਵਿੱਖ ਵਿਚ ਉਤਾਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਸੋਨਾਲੀਕਾ ਨੇ ਕਿਹਾ ਕਿ ਟਾਈਗਰ ਕਿਸਾਨਾਂ ਲਈ ਬਿਹਤਰ ਸਾਬਤ ਹੋਵੇਗਾ ਕਿਉਂਕਿ ਡੀਜ਼ਲ ਟਰੈਕਟਰ ਦੀ ਤੁਲਨਾ ਵਿਚ ਇਸ ਦੀ ਸੰਚਾਲਨ ਲਾਗਤ ਬਹੁਤ ਘੱਟ ਹੈ ਅਤੇ ਇਹ ਅਰਾਮਦਾਇਕ ਵੀ ਹੈ।