ਸਾਲ 2025 ’ਚ ਕੁਝ ਅਰਬਪਤੀਆਂ ਦੀ ਦੌਲਤ ਤੇਜ਼ੀ ਨਾਲ ਵਧੀ ਤੇ ਕਈਆਂ ਨੂੰ ਝੱਲਣਾ ਪਿਆ ਨੁਕਸਾਨ
Saturday, Dec 27, 2025 - 04:35 AM (IST)
ਨਵੀਂ ਦਿੱਲੀ - ਭਾਰਤ ਦੇ ਸਭ ਤੋਂ ਅਮੀਰ ਪਰਿਵਾਰਾਂ ਲਈ ਸਾਲ 2025 ਇਕੋ ਜਿਹਾ ਨਹੀਂ ਰਿਹਾ। ਸ਼ੇਅਰ ਬਾਜ਼ਾਰ ’ਚ ਉਤਾਰ-ਚੜ੍ਹਾਅ, ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ, ਹਾਈ ਵੈਲਿਊਏਸ਼ਨ ਅਤੇ ਗਲੋਬਲ ਬੇਭਰੋਸਗੀਆਂ ਦਰਮਿਆਨ ਕੁਝ ਅਰਬਪਤੀਆਂ ਦੀ ਦੌਲਤ ਤੇਜ਼ੀ ਨਾਲ ਵਧੀ ਹੈ ਅਤੇ ਕਈਆਂ ਨੂੰ ਨੁਕਸਾਨ ਵੀ ਝੱਲਣਾ ਪਿਆ। ਇਸ ਸਾਲ ਨੇ ਸਾਫ਼ ਕਰ ਦਿੱਤਾ ਕਿ ਬਾਜ਼ਾਰ ਹਰ ਕਿਸੇ ’ਤੇ ਇਕੋ ਜਿਹਾ ਮਿਹਰਬਾਨ ਨਹੀਂ ਹੁੰਦਾ।
ਲਕਸ਼ਮੀ ਮਿੱਤਲ ਸਭ ਤੋਂ ਅੱਗੇ
ਸਟੀਲ ਮਹਾਰਥੀ ਲਕਸ਼ਮੀ ਮਿੱਤਲ 2025 ਦੇ ਸਭ ਤੋਂ ਵੱਡੇ ਜੇਤੂ ਬਣ ਕੇ ਉੱਭਰੇ। ਉਨ੍ਹਾਂ ਦੀ ਨੈੱਟਵਰਥ ’ਚ ਜ਼ਬਰਦਸਤ ਉਛਾਲ ਆਇਆ ਅਤੇ ਇਸ ਸਾਲ ’ਚ ਉਨ੍ਹਾਂ ਦੀ ਜਾਇਦਾਦ ਦਹਾਈ ਅੰਕ ਨਾਲ ਨਵੀਂ ਉਚਾਈ ’ਤੇ ਪਹੁੰਚੀ। ਆਰਸੇਲਰਮਿੱਤਲ ਦੇ ਸ਼ੇਅਰਾਂ ’ਚ ਤੇਜ਼ੀ, ਬਿਹਤਰ ਕਮਾਈ ਅਤੇ ਯੂਰਪ ’ਚ ਟ੍ਰੇਡ ਪਾਲਿਸੀ ਨਾਲ ਜੁਡ਼ੇ ਹਾਂ-ਪੱਖੀ ਸੰਕੇਤਾਂ ਨੇ ਉਨ੍ਹਾਂ ਨੂੰ ਵੱਡਾ ਫਾਇਦਾ ਦਿਵਾਇਆ।
ਵਿਕਰਮ ਲਾਲ ਅਤੇ ਸੁਨੀਲ ਮਿੱਤਲ ਨੂੰ ਮਿਲਿਆ ਫਾਇਦਾ
ਆਇਸ਼ਰ ਮੋਟਰਜ਼ ਦੇ ਫਾਊਂਡਰ ਵਿਕਰਮ ਲਾਲ ਵੀ ਟਾਪ ਗੇਨਰਜ਼ ’ਚ ਸ਼ਾਮਲ ਰਹੇ। ਰਾਇਲ ਐਨਫੀਲਡ ਦੀ ਮਜ਼ਬੂਤ ਵਿਕਰੀ, ਨਵੇਂ ਮਾਡਲਾਂ ਅਤੇ ਬਰਾਮਦ ’ਚ ਸੁਧਾਰ ਨੇ ਕੰਪਨੀ ਦੇ ਸ਼ੇਅਰਾਂ ਨੂੰ ਉੱਪਰ ਪਹੁੰਚਾਇਆ, ਜਿਸ ਨਾਲ ਉਨ੍ਹਾਂ ਦੀ ਦੌਲਤ ’ਚ ਵੱਡਾ ਵਾਧਾ ਦਰਜ ਹੋਇਆ।
ਉੱਥੇ ਹੀ, ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਦੀ ਜਾਇਦਾਦ ’ਚ ਵੀ ਚੋਖਾ ਵਾਧਾ ਹੋਇਆ। ਟੈਲੀਕਾਮ ਸੈਕਟਰ ’ਚ ਬਿਹਤਰ ਨਕਦੀ ਪ੍ਰਵਾਹ, ਸੀਮਤ ਕੈਪੇਕਸ ਅਤੇ ਟੈਰਿਫ ਸੁਧਾਰ ਦੀਆਂ ਉਮੀਦਾਂ ਨੇ ਏਅਰਟੈੱਲ ਦੇ ਸ਼ੇਅਰਾਂ ਨੂੰ ਸਮਰਥਨ ਦਿੱਤਾ।
ਅੰਬਾਨੀ, ਬਿਰਲਾ ਅਤੇ ਕੋਟਕ ਵੀ ਫਾਇਦੇ ’ਚ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ ’ਚ ਵੀ ਵਾਧਾ ਦਰਜ ਕੀਤਾ ਗਿਆ। ਐਨਰਜੀ, ਰਿਟੇਲ ਅਤੇ ਟੈਲੀਕਾਮ ਕਾਰੋਬਾਰ ਦੇ ਬਿਹਤਰ ਪ੍ਰਦਰਸ਼ਨ ਨੇ ਰਿਲਾਇੰਸ ਦੇ ਸ਼ੇਅਰਾਂ ਨੂੰ ਮਜ਼ਬੂਤੀ ਦਿੱਤੀ। ਆਦਿਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਨੂੰ ਗਰੁੱਪ ਕੰਪਨੀਆਂ ਦੇ ਚੰਗੇ ਪ੍ਰਦਰਸ਼ਨ ਨਾਲ ਫਾਇਦਾ ਮਿਲਿਆ। ਉਦੇ ਕੋਟਕ ਅਤੇ ਨੁਸਲੀ ਵਾਡੀਆ ਵਰਗੇ ਮਹਾਰਥੀਆਂ ਦੀ ਜਾਇਦਾਦ ’ਚ ਵੀ ਵਾਧਾ ਵੇਖਿਆ ਗਿਆ।
ਕਿਨ੍ਹਾਂ ਨੂੰ ਹੋਇਆ ਨੁਕਸਾਨ?
ਜਿੱਥੇ ਕੁਝ ਦੀ ਕਿਸਮਤ ਚਮਕੀ, ਉੱਥੇ ਹੀ, ਕਈ ਅਰਬਪਤੀਆਂ ਨੂੰ ਨੁਕਸਾਨ ਝੱਲਣਾ ਪਿਆ। ਆਰ. ਜੇ. ਕਾਰਪ ਦੇ ਰਵੀ ਜੈਪੁਰੀਆ ਦੀ ਜਾਇਦਾਦ ’ਚ ਸਭ ਤੋਂ ਜ਼ਿਆਦਾ ਗਿਰਾਵਟ ਵੇਖੀ ਗਈ। ਬਿਵਰੇਜਿਜ਼ ਸੈਕਟਰ ’ਚ ਵਧਦੀ ਮੁਕਾਬਲੇਬਾਜ਼ੀ ਅਤੇ ਟੈਕਸ ਨੂੰ ਲੈ ਕੇ ਚਿੰਤਾਵਾਂ ਨੇ ਉਨ੍ਹਾਂ ਦੀ ਕੰਪਨੀਆਂ ਦੇ ਸ਼ੇਅਰਾਂ ’ਤੇ ਦਬਾਅ ਪਾਇਆ। ਰੀਅਲ ਅਸਟੇਟ ਸੈਕਟਰ ਦੀ ਸੁਸਤੀ ਦਾ ਅਸਰ ਮੰਗਲ ਪ੍ਰਭਾਤ ਲੋਢਾ ਅਤੇ ਡੀ. ਐੱਲ. ਐੱਫ. ਦੇ ਕੇ. ਪੀ. ਸਿੰਘ ਦੀ ਦੌਲਤ ’ਤੇ ਵੀ ਪਿਆ। ਵੱਡੇ ਸ਼ਹਿਰਾਂ ’ਚ ਵਿਕਰੀ ਦੀ ਰਫਤਾਰ ਮੱਠੀ ਪੈਣ ਨਾਲ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਕਮਜ਼ੋਰ ਰਹੇ।
