ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ
Saturday, Feb 21, 2026 - 04:01 AM (IST)
ਨਵੀਂ ਦਿੱਲੀ - ਗਲੋਬਲ ਆਰਥਿਕ ਸੁਸਤੀ ਅਤੇ ਸੰਤ੍ਰਿਪਤ ਬਾਜ਼ਾਰਾਂ ਵਿਚ ਪੀਣ ਵਾਲੇ ਪਦਾਰਥਾਂ ਅਤੇ ਕਨਫੈਕਸ਼ਨਰੀ ਖੇਤਰ ਦੇ ਮਹਾਰਥੀਆਂ ਨੇ ਭਾਰਤ ਨੂੰ ਆਪਣੀ ਰਣਨੀਤੀ ਦਾ ਕੇਂਦਰ ਬਣਾ ਲਿਆ ਹੈ। ਨਿਊਯਾਰਕ ’ਚ ਆਯੋਜਿਤ ‘ਕੰਜ਼ਿਊਮਰ ਐਨਾਲਿਸਟ ਗਰੁੱਪ’ (ਸੀ. ਏ. ਜੀ. ਐੱਨ. ਵਾਈ.) ਸੰਮੇਲਨ ’ਚ ਕੋਕਾ-ਕੋਲਾ ਅਤੇ ਮੋਂਡੇਲੇਜ਼ ਨੇ ਭਾਰਤ ਨੂੰ ਚੋਟੀ ਦੀ ਤਰਜੀਹ ਵਾਲਾ ਬਾਜ਼ਾਰ ਦੱਸਿਆ ਹੈ। ਕੋਕਾ-ਕੋਲਾ ਦੇ ਗਲੋਬਲ ਮੁੱਖ ਵਿੱਤੀ ਅਧਿਕਾਰੀ ਜੌਨ ਮਰਫੀ ਨੇ ਕਿਹਾ ਕਿ ਕੰਪਨੀ ਭਾਰਤ ਅਤੇ ਅਫ਼ਰੀਕਾ ’ਚ ਰੀਫ੍ਰੈਂਚਾਈਜ਼ਿੰਗ ਦੇ ਖੇਡ ਨੂੰ ਪੂਰਾ ਕਰਨਾ ਜਾਰੀ ਰੱਖੇਗੀ। ਕੰਪਨੀ ਨਵੀਆਂ ਸਮਰੱਥਾਵਾਂ ਖਾਸ ਕਰ ਕੇ ਟੈਕਨਾਲੋਜੀ ’ਚ ਨਿਵੇਸ਼ ਵਧਾਏਗੀ ਅਤੇ ਸਮੇਂ ਦੇ ਨਾਲ ਇਕੁਇਟੀ ਨਿਵੇਸ਼ ਨੂੰ ਅਨੁਕੂਲ ਬਣਾਏਗੀ।
102 ਮਿਲੀਅਨ ਡਾਲਰ ਦਾ ਲਾਭ
ਜ਼ਿਕਰਯੋਗ ਹੈ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਹਿੰਦੁਸਤਾਨ ਕੋਕਾ-ਕੋਲਾ ਹੋਲਡਿੰਗਜ਼ (ਐੱਚ. ਸੀ. ਸੀ. ਬੀ.) ’ਚ 40 ਫੀਸਦੀ ਹਿੱਸੇਦਾਰੀ ਜੁਬੀਲੈਂਟ ਭਾਰਤੀਆ ਗਰੁੱਪ ਨੂੰ ਲੱਗਭਗ 12,500 ਕਰੋੜ ਰੁਪਏ ’ਚ ਵੇਚੀ ਸੀ। ਹੁਣ ਕੰਪਨੀ ਬਿਹਤਰ ਕਾਰਜਸ਼ੀਲ ਪੂੰਜੀ (ਵਰਕਿੰਗ ਕੈਪੀਟਲ) ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਦਸੰਬਰ 2025 ਤੱਕ ਦੇ ਸਾਲ ’ਚ ਭਾਰਤ ’ਚ ਬਾਟਲਿੰਗ ਸੰਚਾਲਨ ਦੀ ਵਿਕਰੀ ਤੋਂ 102 ਮਿਲੀਅਨ ਡਾਲਰ ਦਾ ਲਾਭ ਦਰਜ ਕੀਤਾ ਗਿਆ ਹੈ। ਕੋਕਾ-ਕੋਲਾ ਨੇ ਆਪਣੀ ਗਲੋਬਲ ‘ਐਸੈੱਟ-ਲਾਈਟ’ ਰਣਨੀਤੀ ਤਹਿਤ ਗੁਜਰਾਤ, ਰਾਜਸਥਾਨ, ਬਿਹਾਰ, ਪੂਰਬ-ਉੱਤਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ ਬਾਟਲਿੰਗ ਪਲਾਂਟ ਸੁਤੰਤਰ ਫ੍ਰੈਂਚਾਈਜ਼ੀ ਨੂੰ ਸੌਂਪੇ ਹਨ। ਵਾਲਿਊਮ ਵਿਕਰੀ ਦੇ ਲਿਹਾਜ਼ ਨਾਲ ਭਾਰਤ ਕੰਪਨੀ ਦਾ 5ਵਾਂ ਸਭ ਤੋਂ ਵੱਡਾ ਬਾਜ਼ਾਰ ਹੈ।
ਭਾਰਤ 1.7 ਬਿਲੀਅਨ ਡਾਲਰ ਦਾ ਬਾਜ਼ਾਰ
ਕਨਫੈਕਸ਼ਨਰੀ ਖੇਤਰ ਦੀ ਮੋਹਰੀ ਕੰਪਨੀ ਮੋਂਡੇਲੇਜ਼ ਨੇ ਵੀ ਭਾਰਤ ਨੂੰ ਆਪਣੇ ਸਭ ਤੋਂ ਆਕਰਸ਼ਕ ਮੌਕਿਆਂ ’ਚ ਗਿਣਿਆ ਹੈ। ਕੰਪਨੀ ਦੇ ਸੀ. ਐੱਫ. ਓ. ਲੁਕਾ ਜ਼ਾਰਾਮੇਲਾ ਨੇ ਕਿਹਾ ਕਿ ਭਾਰਤ 1.7 ਬਿਲੀਅਨ ਡਾਲਰ ਦਾ ਮਾਲੀਆ ਬਾਜ਼ਾਰ ਹੈ, ਜਿੱਥੇ ਵਿਕਾਸ ਅਤੇ ਨਕਦੀ ਸਿਰਜਣ ਦਾ ਮਜ਼ਬੂਤ ਟ੍ਰੈਕ ਰਿਕਾਰਡ ਹੈ। ਕੰਪਨੀ ਭਾਰਤ ’ਚ ‘ਲੋਕਲ-ਫਸਟ’ ਆਪਰੇਟਿੰਗ ਮਾਡਲ ਅਪਣਾ ਰਹੀ ਹੈ। ਦੇਸ਼ ’ਚ ਇਸ ਦੀਆਂ ਚਾਰ ਵਿਨਿਰਮਾਣ ਇਕਾਈਆਂ ਹਨ ਅਤੇ ਲੱਗਭਗ 45 ਲੱਖ ਸਟੋਰਾਂ ਤੱਕ ਪਹੁੰਚ ਹੈ, ਜਿਨ੍ਹਾਂ ’ਚੋਂ 25 ਲੱਖ ਸਟੋਰਾਂ ਤੱਕ ਸਿੱਧੀ ਪਹੁੰਚ ਹੈ। ਕੰਪਨੀ ਹਰ ਸਾਲ ਲੱਗਭਗ 1 ਲੱਖ ਨਵੇਂ ਸਟੋਰ ਜੋੜਣ ਦੀ ਯੋਜਨਾ ਬਣਾ ਰਹੀ ਹੈ।
ਉੱਭਰਦੇ ਬਾਜ਼ਾਰਾਂ ’ਚ ਭਾਰਤ ਸਭ ਤੋਂ ਅਹਿਮ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਿਕਸਤ ਬਾਜ਼ਾਰਾਂ ’ਚ ਸੀਮਤ ਵਾਧੇ ਦਰਮਿਆਨ ਭਾਰਤ ਵਰਗੇ ਉੱਭਰਦੇ ਬਾਜ਼ਾਰ ਬਹੁ-ਰਾਸ਼ਟਰੀ ਕੰਪਨੀਆਂ ਲਈ ਵਿਕਾਸ ਦਾ ਪ੍ਰਮੁੱਖ ਇੰਜਣ ਬਣ ਰਹੇ ਹਨ। ਨੌਜਵਾਨ ਆਬਾਦੀ, ਵਧਦੀ ਆਮਦਨ ਅਤੇ ਤੇਜ਼ੀ ਨਾਲ ਫੈਲਦਾ ਰਿਟੇਲ ਨੈੱਟਵਰਕ ਭਾਰਤ ਨੂੰ ਗਲੋਬਲ ਬ੍ਰਾਂਡਾਂ ਲਈ ਲੰਬੇ ਸਮੇਂ ਦੇ ਮੌਕਿਆਂ ਦਾ ਕੇਂਦਰ ਬਣਾ ਰਿਹਾ ਹੈ।
