ਬਾਜ਼ਾਰ : ਸਾਲ 'ਚ 300 ਫ਼ੀਸਦੀ ਚੜ੍ਹ ਚੁੱਕਾ ਹੈ ਇਹ ਸਮਾਲਕੈਪ ਟੈੱਕ ਸਟਾਕ
Saturday, May 29, 2021 - 10:49 AM (IST)
ਮੁੰਬਈ- ਇਕ ਸਮਾਲਕੈਪ ਟੈੱਕ ਸਟਾਕ ਨੇ ਸ਼ਾਨਦਾਰ ਤੇਜ਼ੀ ਦਰਜ ਕੀਤੀ ਹੈ। ਸਾਫਟਵੇਅਰ ਸਰਵਿਸ ਦੇਣ ਵਾਲੀ ਕੰਪਨੀ ਬਿਰਲਾ ਸਾਫਟ ਦਾ ਸ਼ੇਅਰ ਪਿਛਲੇ ਇਕ ਸਾਲ ਵਿਚ 300 ਫ਼ੀਸਦ ਚੜ੍ਹ ਚੁੱਕਾ ਹੈ। 27 ਮਈ ਨੂੰ ਕਾਰੋਬਾਰ ਦੌਰਾਨ ਇਹ ਰਿਕਾਰਡ 341.80 ਰੁਪਏ ਤੱਕ ਪਹੁੰਚ ਗਿਆ ਸੀ। ਹਾਲਾਂਕਿ, 28 ਮਈ ਨੂੰ ਇਹ 5.10 ਰੁਪਏ ਯਾਨੀ 1.56 ਫ਼ੀਸਦੀ ਟੁੱਟ ਕੇ 321.70 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਹੈ। ਹਫ਼ਤਾਵਾਰੀ ਦੇ ਹਿਸਾਬ ਨਾਲ 28 ਮਈ ਨੂੰ ਸਮਾਪਤ ਹਫ਼ਤੇ ਵਿਚ ਇਸ ਸਟਾਕ ਨੇ 22 ਫ਼ੀਸਦੀ ਗ੍ਰੋਥ ਦਰਜ ਕੀਤੀ ਹੈ।
31 ਮਾਰਚ 2021 ਨੂੰ ਸਮਾਪਤ ਤਿਮਾਹੀ ਦੇ ਮਜਬੂਤ ਨਤੀਜਿਆਂ ਦੇ ਦਮ 'ਤੇ ਇਸ ਸ਼ੇਅਰ ਵਿਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਬ੍ਰੋਕਰੇਜ ਹਾਊਸ ਸ਼ੇਅਰਖਾਨ ਨੇ ਸ਼ੇਅਰ ਦੀ ਖ਼ਰੀਦ ਰੇਟਿੰਗ ਨੂੰ ਕਾਇਮ ਰੱਖਦੇ ਹੋਏ ਇਸ ਦੇ ਟੀਚੇ ਦੀ ਕੀਮਤ ਵਿਚ ਸੋਧ ਕੀਤੀ ਹੈ। ਸ਼ੇਅਰਖਾਨ ਨੇ ਆਪਣਾ ਟੀਚਾ 335 ਰੁਪਏ ਕਰ ਦਿੱਤਾ ਹੈ। ਸ਼ੇਅਰਖਾਨ ਦਾ ਮੰਨਣਾ ਹੈ ਕਿ ਵਿੱਤੀ ਸਾਲ 2021-23 ਦੀ ਮਿਆਦ ਵਿਚ ਕੰਪਨੀ ਦੇ ਮਾਲੀਏ ਵਿਚ ਸਾਲਾਨਾ ਆਧਾਰ 'ਤੇ 15 ਫ਼ੀਸਦੀ ਅਤੇ ਕਮਾਈ ਵਿਚ 27 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ 4 ਰੁ: ਤੱਕ ਦਾ ਵਾਧਾ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ
27 ਮਈ ਨੂੰ ਕੰਪਨੀ ਦਾ ਬਾਜ਼ਾਰ ਪੂੰਜੀਕਰਨ 9,100 ਕਰੋੜ ਰੁਪਏ ਸੀ, ਜੋ ਪਿਛਲੇ ਸ਼ੁੱਕਰਵਾਰ ਦੇ ਬੰਦ ਹੋਣ ਤੋਂ 22 ਫ਼ੀਸਦ ਵੱਧ ਹੈ। ਬਿਰਲਾ ਸਾਫਟ ਸੀ. ਕੇ. ਬਿਰਲਾ ਗਰੁੱਪ ਦੀ ਕੰਪਨੀ ਹੈ ਜੋ ਸਾਫਟਵੇਅਰ ਸੇਵਾਵਾਂ ਦੇਣ ਦਾ ਕੰਮ ਕਰਦੀ ਹੈ। ਬਿਰਲਾ ਸਾਫਟ ਨੇ 31 ਮਾਰਚ 2021 ਨੂੰ ਖ਼ਤਮ ਤਿਮਾਹੀ ਵਿਚ ਕੁੱਲ 32.6 ਕਰੋੜ ਡਾਲਰ ਦੇ ਸੌਦੇ ਸਾਈਨ ਕੀਤੇ ਹਨ, ਜਦੋਂ ਕਿ ਪੂਰੇ ਵਿੱਤੀ ਸਾਲ 2021 ਦੌਰਾਨ ਕੰਪਨੀ ਨੇ 88.8 ਕਰੋੜ ਡਾਲਰ ਦੀ ਡੀਲ ਸਾਈਨ ਕੀਤੀ ਸੀ। ਕੰਪਨੀ ਪ੍ਰਬੰਧਨ ਦਾ ਕਹਿਣਾ ਹੈ ਕਿ ਕੰਪਨੀ ਵਿੱਤੀ ਸਾਲ 2022 ਵਿਚ ਦੋਹਰੇ ਅੰਕਾਂ ਵਿਚ ਵਾਧਾ ਦਰਜ ਕਰੇਗੀ।
ਇਹ ਵੀ ਪੜ੍ਹੋ- ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਵੱਡਾ ਫ਼ੈਸਲਾ, ਇੰਨੀ ਤਾਰੀਖ਼ ਤੱਕ ਲਾਈ ਰੋਕ
►ਨੋਟ- ਸ਼ੇਅਰਾਂ ਵਿਚ ਨਿਵੇਸ਼ਕ ਜੋਖ਼ਮ ਭਰਿਆ ਹੁੰਦਾ ਹੈ।