ਰਲੇਵੇਂ ''ਚ ਲੱਗੇ ਸਰਕਾਰੀ ਬੈਂਕਾਂ ਦੇ ਪ੍ਰਮੁੱਖਾਂ ਨੂੰ ਮਿਲਣਗੇ ਸੀਤਾਰਮਨ
Wednesday, Mar 11, 2020 - 10:11 AM (IST)
ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਸ 'ਚ ਰਲੇਵਾਂ ਕਰਨ 'ਚ ਲੱਗੇ ਸਰਕਾਰੀ ਖੇਤਰ ਦੇ ਬੈਂਕਾਂ ਦੇ ਪ੍ਰਮੁੱਖਾਂ ਨਾਲ ਬੁੱਧਵਾਰ ਨੂੰ ਮਿਲਣਗੇ। ਕੁਝ ਵੱਖ-ਵੱਖ ਸਮੂਹਾਂ ਵਿਚ ਇਨ੍ਹਾਂ ਬੈਂਕਾਂ ਦਾ ਰਲੇਵਾਂ 1 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਇਸ ਬੈਠਕ ਵਿਚ ਵਿੱਤ ਮੰਤਰੀ ਰਲੇਵੇਂ ਦੀ ਯੋਜਨਾ ਅਤੇ ਤਿਆਰੀਆਂ ਦੀ ਸਮੀਖਿਆ ਕਰਨਗੇ। ਇਸ ਤੋਂ ਪਹਿਲਾਂ ਇਸੇ ਮਹੀਨੇ ਕੇਂਦਰੀ ਮੰਤਰੀ ਮੰਡਲ ਨੇ ਸਰਕਾਰੀ ਖੇਤਰ ਦੇ 10 ਬੈਂਕਾਂ ਨੂੰ 4 ਬੈਂਕਾਂ ਵਿਚ ਮਰਜ(Merger) ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ 12 ਮਾਰਚ ਨੂੰ ਵਿੱਤ ਮੰਤਰੀ ਦੇ ਨਾਲ ਬੈਠਕ 'ਚ ਰਲੇਵੇਂ ਦੇ ਬਾਅਦ ਇਨ੍ਹਾਂ ਬੈਂਕਾਂ ਵਲੋਂ ਗਾਹਕਾਂ ਦੀਆਂ ਬੈਂਕਿੰਗ ਸੇਵਾਵਾਂ ਅਤੇ ਉਤਪਾਦ ਉਪਲੱਬਧ ਕਰਨ ਦੀ ਤਿਆਰੀ ਦੀ ਸਮੀਖਿਆ ਵੀ ਕੀਤੀ ਜਾਵੇਗੀ। ਇਸ ਵਿਚ ਅੱਗੇ ਲਈ ਇਨ੍ਹਾਂ ਦੀ ਵਿੱਤੀ ਅਤੇ ਕਾਰੋਬਾਰੀ ਯੋਜਨਾਵਾਂ 'ਤੇ ਵੀ ਚਰਚਾ ਹੋਵੇਗੀ। ਇਸ ਵਿਚ ਇਸ ਦੇ ਕਰਜ਼ ਅਤੇ ਜ਼ਮਾ ਕਾਰੋਬਾਰ 'ਚ ਵਾਧੇ ਦੇ ਅਨੁਮਾਨ ਅਤੇ ਰਲੇਵੇਂ ਦੇ ਬਾਅਦ ਤਾਲਮੇਲ ਦੇ ਸਮਾਂਬੱਧ ਟੀਚਿਆਂ ਨੂੰ ਹਾਸਲ ਕਰਨ ਵਰਗੇ ਵਿਸ਼ੇ ਵੀ ਆਉਣਗੇ।
ਪ੍ਰਸਤਾਵ ਅਨੁਸਾਰ ਓਰੀਐਂਟਲ ਬੈਂਕ ਆਫ ਕਾਮਰਸ (ਓ.ਬੀ.ਸੀ.) ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ (ਯੂ.ਬੀ.ਆਈ.) ਨੂੰ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) 'ਚ, ਸਿੰਡਕੇਟ ਬੈਂਕ ਨੂੰ ਕੇਨਰਾ ਬੈਂਕ 'ਚ, ਯੂਨੀਅਨ ਬੈਂਕ ਆਫ ਇੰਡੀਆ ਅਤੇ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਇਕ ਅਤੇ ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਨੂੰ ਇਕ ਵਿਚ ਮਿਲਾ ਦਿੱਤਾ ਜਾਵੇਗਾ। ਇਹ ਰਲੇਵੇਂ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੂਜਾ ਸਭ ਤੋਂ ਵੱਡਾ ਵਪਾਰਕ ਬੈਂਕ ਬਣ ਜਾਵੇਗਾ।