ਸਿੰਗਾਪੁਰ ਵੱਲੋਂ ਕੋਵਿਡ-19 ਡਿਜੀਟਲ ਪਾਸ ਨੂੰ ਪ੍ਰਵਾਨਗੀ, ਯਾਤਰਾ ਹੋਈ ਟੈਂਸ਼ਨ ਫ੍ਰੀ!
Tuesday, Apr 06, 2021 - 11:35 AM (IST)
ਨਵੀਂ ਦਿੱਲੀ- ਸਿੰਗਾਪੁਰ ਜਾਣ ਵਾਲੇ ਲੋਕਾਂ ਲਈ ਜਲਦ ਹੀ ਹਵਾਈ ਅੱਡੇ 'ਤੇ ਖੱਜਲ-ਖੁਆਰੀ ਖ਼ਤਮ ਹੋਣ ਵਾਲੀ ਹੈ। ਸਿੰਗਾਪੁਰ ਨੇ ਕੋਵਿਡ-19 ਡਿਜੀਟਲ ਟ੍ਰੈਵਲ ਪਾਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਅਗਲੇ ਮਹੀਨੇ ਤੋਂ ਇਸ ਨੂੰ ਸਵੀਕਾਰ ਕਰੇਗਾ। ਇਹ ਪਹਿਲਾ ਮੁਲਕ ਹੈ ਜੋ ਇਸ ਪਹਿਲ ਨੂੰ ਸ਼ੁਰੂ ਕਰਨ ਜਾ ਰਿਹਾ ਹੈ।
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਨੇ ਮੋਬਾਈਲ ਟ੍ਰੈਵਲ ਪਾਸ ਐਪ ਬਣਾਈ ਹੈ, ਜਿਸ ਵਿਚ ਯਾਤਰੀਆਂ ਦੀ ਪ੍ਰਮਾਣਿਤ ਪ੍ਰਯੋਗਸ਼ਾਲਾਵਾਂ ਤੋਂ ਉਨ੍ਹਾਂ ਦੇ ਕੋਵਿਡ-19 ਟੈਸਟ ਤੇ ਟੀਕੇ ਦੀ ਜਾਣਕਾਰੀ ਲੋਡ ਹੋਵੇਗੀ। ਇਸ ਸਮਾਰਟ ਫੋਨ ਐਪ ਦਾ ਇਸਤੇਮਾਲ ਯਾਤਰੀ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਹੋਣ ਵਾਲੀ ਜਾਂਚ ਦੌਰਾਨ ਕਰ ਸਕਣਗੇ। ਨੈਗੇਟਿਵ ਟੈਸਟ ਰਿਪੋਰਟ ਅਤੇ ਟੀਕਾ ਲਵਾ ਚੁੱਕੇ ਲੋਕ ਹੁਣ ਇਸ ਐਪ ਵਿਚ ਦਸਤਾਵੇਜ਼ ਦਿਖਾ ਸਕਣਗੇ।
ਸਿੰਗਾਪੁਰ ਏਅਰਲਾਇੰਸ ਨੇ ਐਪ ਇਸ ਦਾ ਟੈਸਟ ਸਫਲਤਾਪੂਰਵਕ ਕਰ ਲਿਆ ਹੈ। ਉੱਥੇ ਹੀ, ਅਮੀਰਾਤ, ਕਤਰ ਏਅਰਵੇਜ਼ ਅਤੇ ਮਲੇਸ਼ੀਆ ਏਅਰਲਾਇੰਸ ਸਮੇਤ 20 ਤੋਂ ਵੱਧ ਹੋਰ ਏਅਰਲਾਈਨਾਂ ਵੀ ਇਸ ਦੀ ਟੈਸਟਿੰਗ ਕਰ ਰਹੀਆਂ ਹਨ। ਏਅਰਲਾਈਨਾਂ ਨੂੰ ਉਮੀਦ ਹੈ ਕਿ ਹੋਰ ਦੇਸ਼ ਵੀ ਇਸ ਐਪ 'ਤੇ ਡਿਜੀਟਲ ਪਾਸਾਂ ਨੂੰ ਪ੍ਰਵਾਨਗੀ ਦੇਣਗੇ ਤਾਂ ਜੋ ਯਾਤਰਾ ਨੂੰ ਤੇਜ਼ੀ ਨਾਲ ਮੁੜ ਤੋਂ ਸ਼ੁਰੂ ਕੀਤਾ ਜਾ ਸਕੇ ਅਤੇ ਹਵਾਈ ਅੱਡਿਆਂ 'ਤੇ ਦਸਤਾਵੇਜ਼ਾਂ ਦੀ ਮਲਟੀਪਲ ਚੈਕਿੰਗ ਦੀਆਂ ਪੇਚੀਦਗੀਆਂ ਅਤੇ ਦੇਰੀ ਤੋਂ ਬਚਿਆ ਜਾ ਸਕੇ।