ਚਾਂਦੀ 5000 ਰੁਪਏ ਦੇ ਉਛਾਲ ਨਾਲ ਕੁੱਲ-ਵਕਤੀ ਉੱਚੇ ਪੱਧਰ ’ਤੇ, ਸੋਨੇ ਦਾ ਵੀ ਨਵਾਂ ਰਿਕਾਰਡ

Tuesday, Oct 22, 2024 - 12:13 PM (IST)

ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਮਵਾਰ ਨੂੰ ਸੋਨਾ 400 ਰੁਪਏ ਦੀ ਤੇਜ਼ੀ ਦੇ ਨਾਲ 80,400 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਉੱਥੇ ਹੀ, ਚਾਂਦੀ 2500 ਰੁਪਏ ਦੇ ਉਛਾਲ ਨਾਲ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਈ।

ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਵਾਧਾ ਜਾਰੀ ਰਿਹਾ ਅਤੇ ਇਹ 2500 ਰੁਪਏ ਦੇ ਉਛਾਲ ਨਾਲ 1,00,000 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ। ਜਿਨਸ ਬਾਜ਼ਾਰ ਦੇ ਮਾਹਿਰਾਂ ਅਨੁਸਾਰ ਚਾਂਦੀ ਬਾਜ਼ਾਰ ’ਚ ਜਾਰੀ ਤੇਜ਼ੀ ਦਾ ਮੁੱਖ ਕਾਰਨ ਉਦਯੋਗਿਕ ਮੰਗ ਅਤੇ ਸੋਨੇ ’ਚ ਆਈ ਤੇਜ਼ੀ ਹੈ। ਚਾਂਦੀ ਦੀ ਤੇਜ਼ੀ ਮਜ਼ਬੂਤ ਦਿਸ ਰਹੀ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਗਿਰਾਵਟ ਨੂੰ ਖਰੀਦਦਾਰੀ ਦੇ ਮੌਕੇ ਦੇ ਤੌਰ ’ਤੇ ਵੇਖਦੇ ਰਹਿਣਗੇ, ਜਿਸ ਨਾਲ ਆਉਣ ਵਾਲੇ ਸੈਸ਼ਨਾਂ ’ਚ ਚਾਂਦੀ ਨੂੰ ਚੰਗਾ ਸਮਰਥਨ ਮਿਲੇਗਾ।

ਸਰਾਫਾ ਕਾਰੋਬਾਰੀਆਂ ਨੇ ਸੋਨੇ ਦੀਆਂ ਕੀਮਤਾਂ ’ਚ ਉਛਾਲ ਦੀ ਵਜ੍ਹਾ ਤਿਓਹਾਰੀ ਅਤੇ ਵਿਆਹਾਂ ਦੇ ਮੌਸਮ ’ਚ ਵਧੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਵਿਕ੍ਰੇਤਾਵਾਂ ਦੀ ਖਰੀਦਦਾਰੀ ’ਚ ਆਈ ਤੇਜ਼ੀ ਨੂੰ ਦੱਸਿਆ। ਇਸ ਤੋਂ ਇਲਾਵਾ, ਵਿਦੇਸ਼ੀ ਬਾਜ਼ਾਰਾਂ ’ਚ ਸਕਾਰਾਤਮਕ ਰੁਖ਼ ਦੇ ਨਾਲ-ਨਾਲ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਨੇ ਸੋਨੇ ਦੇ ਸੁਰੱਖਿਅਤ ਨਿਵੇਸ਼ ਬਦਲ ਦੇ ਤੌਰ ’ਤੇ ਮੰਗ ਨੂੰ ਵਧਾ ਦਿੱਤਾ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਦੇ ਵਾਅਦਾ ਕਾਰੋਬਾਰ ’ਚ ਦਸੰਬਰ ਡਲਿਵਰੀ ਵਾਲੇ ਸੋਨੇ ਦਾ ਇਕਰਾਰਨਾਮਾ 493 ਰੁਪਏ ਵਧ ਕੇ 78,242 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਸੋਮਵਾਰ ਨੂੰ ਕਾਰੋਬਾਰ ਦੌਰਾਨ ਸੋਨਾ 591 ਰੁਪਏ ਵਧ ਕੇ 78,340 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਸੀ। ਦਸੰਬਰ ਡਲਿਵਰੀ ਵਾਲੇ ਚਾਂਦੀ ਦੇ ਇਕਰਾਰਨਾਮੇ ਦੇ ਭਾਅ 2,822 ਰੁਪਏ ਜਾਂ 2.96 ਫ਼ੀਸਦੀ ਉੱਛਲ ਕੇ 98,224 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਉੱਚੇ ਪੱਧਰ ’ਤੇ ਪਹੁੰਚ ਗਏ। ਐੱਲ. ਕੇ. ਪੀ. ਸਕਿਓਰਿਟੀਜ਼ ਦੇ ਵਾਈਸ ਚੇਅਰਮੈਨ, ਜਾਂਚ ਵਿਸ਼ਲੇਸ਼ਣ (ਜਿਨਸ ਅਤੇ ਕਰੰਸੀ) ਜਤਿਨ ਤ੍ਰਿਵੇਦੀ ਨੇ ਕਿਹਾ, ‘‘ਐੱਮ. ਸੀ. ਐਕਸ. ’ਚ ਚਾਂਦੀ ਦੀਆਂ ਕੀਮਤਾਂ 98,000 ਰੁਪਏ ਤੱਕ ਪਹੁੰਚ ਗਈਆਂ ਹਨ, ਜਿਸ ਨੂੰ ਕਾਮੈਕਸ ਚਾਂਦੀ ਦੇ 34 ਡਾਲਰ ਪ੍ਰਤੀ ਅੌਂਸ ਤੱਕ ਚੜ੍ਹਣ ਨਾਲ ਸਮਰਥਨ ਮਿਲਿਆ ਹੈ। 34 ਡਾਲਰ ਦੇ ਪੱਧਰ ਨੂੰ ਪਾਰ ਕਰਨ ਨਾਲ ਚਾਂਦੀ ’ਚ ਨਵੀਂ ਖਰੀਦਦਾਰੀ ਸ਼ੁਰੂ ਹੋ ਗਈ ਹੈ, ਕਿਉਂਕਿ ਬਾਜ਼ਾਰ ਹਿੱਸੇਦਾਰਾਂ ਨੂੰ ਅੱਗੇ ਹੋਰ ਤੇਜ਼ੀ ਦੀ ਉਮੀਦ ਹੈ।

ਕੌਮਾਂਤਰੀ ਪੱਧਰ ’ਤੇ ਕਾਮੈਕਸ ਸੋਨਾ ਵਾਅਦਾ 0.52 ਫ਼ੀਸਦੀ ਵਧ ਕੇ 2,744.30 ਡਾਲਰ ਪ੍ਰਤੀ ਅੌਂਸ ਹੋ ਗਿਆ। ਇਸ ਦਰਮਿਆਨ, ਏਸ਼ੀਆਈ ਬਾਜ਼ਾਰ ’ਚ ਚਾਂਦੀ ਵਾਅਦਾ ਦਾ ਭਾਅ 2.91 ਫ਼ੀਸਦੀ ਵਧ ਕੇ 12 ਸਾਲ ਦੇ ਸਭ ਤੋਂ ਉੱਚੇ ਪੱਧਰ 34.20 ਡਾਲਰ ਪ੍ਰਤੀ ਅੌਂਸ ’ਤੇ ਪਹੁੰਚ ਗਿਆ।


Harinder Kaur

Content Editor

Related News