ਸਿਲਵਰ ਲੇਕ ਨੇ ਜੀਓ ’ਚ ਵਧਾਇਆ ਨਿਵੇਸ਼, 4546 ਕਰੋੜ ਰੁਪਏ ’ਚ ਖਰੀਦੇਗੀ ਹਿੱਸੇਦਾਰੀ

06/06/2020 6:50:31 PM

ਨਵੀਂ ਦਿੱਲੀ — ਰਿਲਾਂਇੰਸ ਦੇ ਜੀਓ ਪਲੇਟਫਾਰਮ ’ਚ ਆਬੂ ਧਾਬੀ ਦੀ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਦੇ ਨਿਵੇਸ਼ ਦੇ ਬਾਅਦ ਹੁਣ ਖਬਰ ਹੈ ਕਿ ਸਿਲਵਰ ਲੇਕ ਕੰਪਨੀ ਨੇ ਆਪਣਾ ਨਿਵੇਸ਼ ਵਧਾ ਦਿੱਤਾ ਹੈ। ਸਿਲਵਰ ਲੇਕ ਨੇ ਇਸ ਨੂੰ 2.08 ਫੀਸਦੀ ਤੱਕ ਵਧਾਉਣ ਲਈ 4,546.80 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ ਹੈ। ਰਿਲਾਂਇੰਸ ਨੇ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਿਲਵਰ ਲੇਕ ਦਾ ਜੀਓ ਪਲੇਟਫਾਰਮ ਵਿਚ ਹੁਣ ਤੱਕ ਦਾ ਦੂਜਾ ਨਿਵੇਸ਼ ਹੈ। ਇਸ ਤੋਂ ਪਹਿਲਾਂ 4 ਮਈ ਨੂੰ ਜੀਓ ਪਲੇਟਫਾਰਮ ’ਚ ਵੀ ਸਿਲਵਰ ਲੇਕ ਪਾਰਟਨਰਸ ਨੇ 1.15 ਫੀਸਦੀ ਇਕੁਇਟੀ ਲਈ 5,655.75 ਕਰੋੜ ਦਾ ਨਿਵੇਸ਼ ਕੀਤਾ ਸੀ। ਇਸ ਤੋਂ ਬਾਅਦ ਹੁਣ ਸਿਲਵਰ ਲੇਕ ਦਾ ਕੁੱਲ ਨਿਵੇਸ਼ ਵਧ ਕੇ 10,202.55 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਜੀਓ ਪਲੇਟਫਾਰਮ ’ਚ ਸਿਲਵਰ ਲੇਕ ਦੀ ਇਕੁਇਟੀ ਵੀ ਵਧ ਕੇ 2.08 ਫੀਸਦੀ ਹੋ ਗਈ ਹੈ।

ਦਰਅਸਲ ਪਿਛਲੀ ਵਾਰ ਦੀ ਤਰ੍ਹਾਂ ਹੀ ਸਿਲਵਰ ਲੇਕ ਨੇ ਇਸ ਨਿਵੇਸ਼ ਵਿਚ ਜੀਓ ਪਲੇਟਫਾਰਮ ਦੀ ਇਕੁਇਟੀ ਵੈਲਿਊ 4.91 ਲੱਖ ਕਰੋੜ ਰੁਪਏ ਲਗਾਈ ਹੈ। ਅਜਿਹੇ ’ਚ ਜੀਓ ਪਲੇਟਫਾਰਮਸ ’ਚ ਹੁਣ ਤੱਕ 19.90 ਫੀਸਦੀ ਇਕੁਇਟੀ ਲਈ ਕੁੱਲ 92,202.15 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ।
ਸਿਲਵਰ ਲੇਕ ਵਲੋਂ ਕੀਤੇ ਗਏ ਨਿਵੇਸ਼ ’ਤੇ ਰਿਲਾਂਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ, ‘ਸਿਲਵਰ ਲੇਕ ਅਤੇ ਇਸ ਦੇ ਸਹਿ-ਨਿਵੇਸ਼ਕ ਕੀਮਤੀ ਸਾਂਝੇਦਾਰ ਹਨ। ਮੈਂ ਇਸ ਗੱਲ ’ਤੇ ਜ਼ੋਰ ਦੇਣਾ ਚਾਹਾਂਗਾ ਕਿ ਕੋਵਿਡ-19 ਮਹਾਮਾਰੀ ਦੌਰਾਨ ਪੰਜ ਹਫਤਿਆਂ ਦੇ ਅੰਦਰ ਜੀਓ ਪਲੇਟਫਾਰਮ ’ਚ ਸਿਲਵਰ ਦਾ ਵਾਧੂੂ ਨਿਵੇਸ਼ ਭਾਰਤੀ ਅਰਥਵਿਵਸਥਾ ਵਿਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।’

ਜੀਓ ਪਲੇਟਫਾਰਮਜ਼ ’ਚ ਨਿਵੇਸ਼ ਕਰਨ ਵਾਲੀ ਪਹਿਲੀ ਗੈਰ-ਅਮਰੀਕੀ ਕੰਪਨੀ

ਨਿਵੇਸ਼ ਦੇ ਲਿਹਾਜ਼ ਨਾਲ ਆਰ. ਆਈ. ਐੱਲ. ਦਾ ਜੀਓ ਪਲੇਟਫਾਰਮਜ਼ ਅਮਰੀਕੀ ਕੰਪਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਹੁਣ ਮੁਬਾਡਲਾ ਜੀਓ ਪਲੇਟਫਾਰਮਜ਼ ’ਚ ਨਿਵੇਸ਼ ਕਰਨ ਵਾਲੀ ਪਹਿਲੀ ਗੈਰ-ਅਮਰੀਕੀ ਕੰਪਨੀ ਬਣ ਗਈ ਹੈ। ਇਸ ਤੋਂ ਪਹਿਲਾਂ ਨਿਵੇਸ਼ ਕਰਨ ਵਾਲੀ ਫੇਸਬੁਕ, ਸਿਲਵਰ ਲੇਕ, ਵਿਸਟਾ ਇਕਵਿਟੀ ਪਾਰਟਨਰਜ਼, ਜਨਰਲ ਅਟਲਾਂਟਿਕ ਅਤੇ ਕੇ. ਕੇ. ਆਰ. ਐਂਡ ਕੰਪਨੀ ਸਾਰੀਆਂ ਅਮਰੀਕੀ ਕੰਪਨੀਆਂ ਹਨ।

ਅਸੀਂ ਮੁਬਾਡਲਾ ਦੇ ਅਨੁਭਵ ਤੋਂ ਲਾਭ ਪਾਉਣਾ ਚਾਹੁੰਦੇ ਹਾਂ : ਅੰਬਾਨੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਦੁਨੀਆ ਦੀ ਸਭ ਤੋਂ ਬਿਹਤਰ ਅਤੇ ਤਬਦੀਲੀਯੋਗ ਨਿਵੇਸ਼ਕਾਂ ’ਚੋਂ ਇਕ ਮੁਬਾਡਲਾ ਨੇ ਸਾਡੇ ਨਾਲ ਪਾਰਟਨਰਸ਼ਿਪ ਦਾ ਫੈਸਲਾ ਕੀਤਾ ਹੈ। ਉਹ ਭਾਰਤ ਨੂੰ ਡਿਜੀਟਲ ਰਾਸ਼ਟਰ ਬਣਾਉਣ ਦੀ ਸਾਡੀ ਯਾਤਰਾ ਦਾ ਹਮਸਫਰ ਬਣਨਗੇ। ਉਨ੍ਹਾਂ ਅੱਗੇ ਕਿਹਾ ਕਿ ਅਬੂਧਾਬੀ ਦੇ ਨਾਲ ਮੇਰੇ ਲੰਮੇ ਸਮੇਂ ਤੋਂ ਸਬੰਧ ਹਨ ਅਤੇ ਮੈਂ ਵੇਖਿਆ ਹੈ ਕਿ ਯੂ. ਏ. ਈ. ਦੀ ਗਿਆਨ-ਆਧਾਰਿਤ ਅਰਥਵਿਵਸਥਾ ਨੂੰ ਦੁਨੀਆ ਨਾਲ ਜੋੜਨ ਅਤੇ ਵਿਭਿੰਨਤਾ ਦੇ ਰੰਗ ਭਰਨ ’ਚ ਮੁਬਾਡਲਾ ਨੇ ਜ਼ਬਰਦਸਤ ਕੰਮ ਕੀਤਾ ਹੈ। ਅਸੀਂ ਮੁਬਾਡਲਾ ਦੇ ਅਨੁਭਵ ਤੋਂ ਲਾਭ ਪਾਉਣਾ ਚਾਹੁੰਦੇ ਹਾਂ।

ਜੀਓ ਨੇ ਭਾਰਤ ’ਚ ਸੰਚਾਰ ਅਤੇ ਕੁਨੈਕਟੀਵਿਟੀ ਨੂੰ ਬਦਲਿਆ

ਮੁਬਾਡਲਾ ਇਨਵੈਸਟਮੈਂਟ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਸਮੂਹ ਦੇ ਸੀ. ਈ. ਓ. ਖਲਦੂਨ ਅਲ ਮੁਬਾਰਕ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਜੀਓ ਨੇ ਭਾਰਤ ’ਚ ਸੰਚਾਰ ਅਤੇ ਕੁਨੈਕਟੀਵਿਟੀ ਨੂੰ ਬਦਲ ਦਿੱਤਾ ਹੈ। ਇਕ ਨਿਵੇਸ਼ਕ ਅਤੇ ਹਿੱਸੇਦਾਰ ਦੇ ਰੂਪ ’ਚ ਅਸੀਂ ਭਾਰਤ ਦੀ ਡਿਜੀਟਲ ਵਿਕਾਸ ਯਾਤਰਾ ਨੂੰ ਸਮਰਥਨ ਦੇਣ ਲਈ ਵਚਨਬਧ ਹਾਂ।

ਆਰ. ਆਈ. ਐੱਲ. ਦੀ ਡਿਜੀਟਲ ਸਬਸਿਡਰੀ ਹੈ ਜੀਓ ਪਲੇਟਫਾਰਮ

ਜੀਓ ਪਲੇਟਫਾਰਮਜ਼ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਸਬਸਿਡਰੀ ਹੈ। ਇਹ ਕੰਪਨੀ ਆਰ. ਆਈ. ਐੱਲ. ਗਰੁੱਪ ਦੇ ਡਿਜੀਟਲ ਬਿਜ਼ਨੈੱਸ ਐਸੇਟਸ ਜਿਵੇਂ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ, ਜੀਓ ਐਪਸ ਅਤੇ ਹੈਪਟਿਕ, ਰਿਵਾਇਰ, ਫਾਈਂਡ, ਨਾਓਫਲੋਟਸ, ਹੈਥਵੇ ਅਤੇ ਡੈਨ ਸਮੇਤ ਕਈ ਹੋਰ ਏਂਟੀਟੀ ’ਚ ਨਿਵੇਸ਼ ਦਾ ਸੰਚਾਲਨ ਕਰਦੀ ਹੈ।

 


Harinder Kaur

Content Editor

Related News