ਸ਼ਮੀਨਾ ਸ਼ਾਲ ''ਤੇ ਜੀ. ਐੱਸ. ਟੀ. ਦੀ ਮਾਰ, 60-70 ਫ਼ੀਸਦੀ ਤੱਕ ਡਿਗਿਆ ਵਪਾਰ

Monday, Nov 20, 2017 - 11:22 AM (IST)

ਨਵੀਂ ਦਿੱਲੀ—ਜੀ. ਐੱਸ. ਟੀ. ਦੀ ਮਾਰ ਹੁਣ ਦੁਨੀਆ ਭਰ 'ਚ ਮਸ਼ਹੂਰ ਕਸ਼ਮੀਰ ਦੇ ਪਸ਼ਮੀਨਾ ਸ਼ਾਲ ਵਪਾਰ 'ਤੇ ਵੀ ਪੈਣ ਲੱਗੀ ਹੈ। ਪਸ਼ਮੀਨਾ ਸ਼ਾਲ ਦੇ ਨਿਰਮਾਤਾਵਾਂ ਅਤੇ ਥੋਕ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਪਾਰ 60-70 ਫ਼ੀਸਦੀ ਤੱਕ ਡਿੱਗ ਗਿਆ ਹੈ। 
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਪਸ਼ਮੀਨਾ 'ਤੇ ਕੋਈ ਵੀ ਟੈਕਸ ਨਹੀਂ ਸੀ ਪਰ ਹੁਣ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਸ ਨੂੰ ਵੀ ਟੈਕਸ ਦੇ ਘੇਰੇ 'ਚ ਲਿਆਂਦਾ ਗਿਆ ਹੈ, ਜਿਸ ਦੇ ਨਾਲ ਇਸ ਦੀਆਂ ਕੀਮਤਾਂ ਵਧੀਆਂ ਹਨ ਅਤੇ ਵਿਕਰੀ ਸੁਸਤ ਪਈ ਹੈ।ਕ੍ਰਿਸਮਸ ਅਤੇ ਨਿਊ ਯੀਅਰ ਲਈ ਮਿਲਣ ਵਾਲੇ ਆਰਡਰ ਵੀ ਇਸ ਸਾਲ ਕਾਰੋਬਾਰੀਆਂ ਨੂੰ ਨਹੀਂ ਮਿਲੇ ਹਨ। ਕੰਮ ਘੱਟ ਹੋਣ ਦੀ ਵਜ੍ਹਾ ਨਾਲ ਕਾਰੋਬਾਰੀਆਂ ਨੂੰ ਆਪਣੇ ਕਾਰੀਗਰਾਂ ਨੂੰ ਕੰਮ ਤੋਂ ਹਟਾਉਣਾ ਵੀ ਪਿਆ ਹੈ।ਪਸ਼ਮੀਨਾ 'ਤੇ ਇਵੇਂ ਲੱਗ ਰਿਹਾ ਹੈ ਜੀ. ਐੱਸ. ਟੀ.  ਧਾਗੇ 'ਤੇ ਜੀ. ਐੱਸ. ਟੀ. 18 ਫ਼ੀਸਦੀ, ਰੰਗਾਈ 'ਤੇ 12 ਤੇ ਪੂਰੀ ਤਰ੍ਹਾਂ ਨਾਲ ਤਿਆਰ ਮਾਲ 'ਤੇ 5 ਫੀਸਦੀ ਜੀ. ਐੱਸ. ਟੀ. ਹੈ। ਇਸ ਕਾਰਨ ਹੈਂਡਲੂਮ ਅਤੇ ਮਸ਼ੀਨ ਦੋਵਾਂ ਤੋਂ ਬਣੀ ਪਸ਼ਮੀਨਾ ਸ਼ਾਲ 'ਤੇ ਜੀ. ਐੱਸ. ਟੀ. ਦੀ ਦਰ 5 ਫ਼ੀਸਦੀ ਹੈ। 
ਕੱਚਾ ਮਾਲ ਮਹਿੰਗਾ ਹੋਣ ਨਾਲ ਉਤਪਾਦਨ ਹੋਇਆ ਘੱਟ  
ਬਾਂਡੇ ਸ਼ਾਲਸ ਦੇ ਆਦਿਲ ਬਾਂਡੇ ਨੇ ਦੱਸਿਆ ਕਿ ਜੀ. ਐੱਸ. ਟੀ. ਦੀ ਵਜ੍ਹਾ ਨਾਲ ਲੋਕ ਪਹਿਲਾਂ ਜਿੱਥੇ 2 ਸ਼ਾਲ ਖਰੀਦਦੇ ਸਨ ਹੁਣ ਸਿਰਫ 1 ਹੀ ਸ਼ਾਲ ਖਰੀਦ ਰਹੇ ਹਨ। ਉਥੇ ਹੀ ਨਿਰਮਾਤਾ ਵੀ ਕੱਚੇ ਮਾਲ ਦੀਆਂ ਕੀਮਤਾਂ ਜੀ. ਐੱਸ. ਟੀ. ਕਾਰਨ ਵਧਣ ਨਾਲ ਘੱਟ ਕੱਚਾ ਮਾਲ ਲਿਆ ਰਹੇ ਹਨ, ਜਿਸ ਨਾਲ ਉਤਪਾਦਨ ਵੀ ਘੱਟ ਹੈ। ਕਸ਼ਮੀਰ ਤੋਂ ਇਨ੍ਹਾਂ ਦੀ ਸਪਲਾਈ ਸਭ ਤੋਂ ਜ਼ਿਆਦਾ ਦਿੱਲੀ ਅਤੇ ਉੱਤਰੀ ਭਾਰਤ 'ਚ ਹੁੰਦੀ ਹੈ। ਬਾਹਰੀ ਦੇਸ਼ਾਂ ਦੀ ਗੱਲ ਕਰੀਏ ਤਾਂ ਯੂਰਪ, ਜਰਮਨੀ ਆਦਿ ਦੇਸ਼ਾਂ 'ਚ ਵੀ ਕਸ਼ਮੀਰ ਤੋਂ ਪਸ਼ਮੀਨਾ ਸ਼ਾਲ ਦੀ ਬਰਾਮਦ ਹੁੰਦੀ ਹੈ।  
ਇਸ ਸੀਜ਼ਨ ਬਿਜ਼ਨੈੱਸ ਵਧੀਆ ਹੋਣ ਦੀ ਨਹੀਂ ਉਮੀਦ 
ਕਸ਼ਮੀਰ ਵੀਵ ਕੰਪਨੀ ਲਿਮਟਿਡ ਦੇ ਨਾਜਿਰ ਅਬਦੁੱਲਾ ਨੇ ਦੱਸਿਆ ਕਿ ਪਿਛਲੇ ਸਾਲ ਇਸ ਵੇਲੇ ਤੱਕ ਜਿੰਨਾ ਬਿਜ਼ਨੈੱਸ ਸੀ, ਉਸ ਦੇ ਮੁਕਾਬਲੇ ਇਸ ਸਾਲ ਉਨ੍ਹਾਂ ਦੇ ਬਿਜ਼ਨੈੱਸ 'ਚ 70 ਫ਼ੀਸਦੀ ਤੱਕ ਦੀ ਗਿਰਾਵਟ ਹੈ। ਵੈਸੇ ਤਾਂ ਅਜੇ ਸੀਜ਼ਨ ਦੀ ਸ਼ੁਰੂਆਤ ਹੀ ਹੈ ਪਰ ਬਾਕੀ ਦੇ ਸੀਜ਼ਨ 'ਚ ਬਿਜ਼ਨੈੱਸ ਬਹੁਤ ਵਧੀਆ ਜਾਣ ਦੀ ਉਮੀਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਤੱਕ ਕ੍ਰਿਸਮਸ 'ਤੇ ਪੂਰੇ ਕੀਤੇ ਜਾਣ ਵਾਲੇ ਆਰਡਰ ਆ ਜਾਂਦੇ ਸਨ, ਜੋ ਲਗਭਗ ਪੂਰੇ ਵੀ ਹੋ ਜਾਂਦੇ ਸਨ ਪਰ ਇਸ ਵਾਰ ਹੁਣ ਤੱਕ ਆਰਡਰ ਨਹੀਂ ਆਏ ਹਨ। ਉਨ੍ਹਾਂ ਕੋਲ ਪਹਿਲਾਂ 20 ਲੋਕ ਕੰਮ ਕਰਦੇ ਸਨ ਪਰ ਹੁਣ ਕੰਮ ਨਾ ਹੋਣ ਕਾਰਨ ਸਿਰਫ 6 ਹੀ ਲੋਕ ਕੰਮ ਕਰ ਰਹੇ ਹਨ। 
ਪਹਿਲਾਂ ਨਹੀਂ ਸੀ ਟੈਕਸ, ਹੁਣ ਲੱਗਦਾ ਹੈ ਜੀ. ਐੱਸ. ਟੀ.  
ਅਮੀਨ ਸ਼ਾਲ ਸਟੋਰ ਦੇ ਮਾਲਕ ਨਜ਼ੀਰ ਨੇ ਦੱਸਿਆ ਕਿ ਹੁਣ ਤੱਕ ਪਸ਼ਮੀਨਾ ਸ਼ਾਲ 'ਤੇ ਕੋਈ ਟੈਕਸ ਨਹੀਂ ਸੀ ਪਰ ਹੁਣ ਇਹ ਵੀ ਜੀ. ਐੱਸ. ਟੀ. ਦੇ ਘੇਰੇ 'ਚ ਆ ਗਈ ਹੈ, ਜਿਸ ਕਾਰਨ ਪਸ਼ਮੀਨਾ ਸ਼ਾਲਸ ਦੀ ਕੀਮਤ 'ਚ ਵਾਧਾ ਹੋਇਆ ਹੈ। ਪਹਿਲਾਂ ਤੋਂ ਹੀ ਮਹਿੰਗੀ ਪਸ਼ਮੀਨਾ ਹੁਣ ਹੋਰ ਮਹਿੰਗੀ ਹੋ ਗਈ ਹੈ, ਜਿਸ ਨਾਲ ਇਸ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਕਸ਼ਮੀਰ 'ਚ ਪਰਲ ਕ੍ਰਾਫਟਸ ਦੇ ਮਾਲਕ ਇਰਫਾਨ ਅਹਿਮਦ ਨੇ ਦੱਸਿਆ ਕਿ 2016 ਤੱਕ ਬਿਜ਼ਨੈੱਸ ਠੀਕ ਚੱਲ ਰਿਹਾ ਸੀ। ਵਾਧਾ ਨਹੀਂ ਸੀ ਤਾਂ ਗਿਰਾਵਟ ਵੀ ਨਹੀਂ ਸੀ ਪਰ ਪਿਛਲੇ ਸਾਲ ਤੋਂ ਬਿਜ਼ਨੈੱਸ 'ਚ ਗਿਰਾਵਟ ਸ਼ੁਰੂ ਹੋਈ ਹੈ ਅਤੇ ਇਸ ਸਾਲ ਵੀ ਇਹ ਸਿਲਸਿਲਾ ਜਾਰੀ ਹੈ। 
ਸਿਰਫ ਕਸ਼ਮੀਰ 'ਚ ਹੁੰਦਾ ਹੈ ਉਤਪਾਦਨ
ਲੱਦਾਖ ਤੋਂ ਪਸ਼ਮੀਨਾ ਵੂਲ ਕਸ਼ਮੀਰ ਆਉਂਦਾ ਹੈ ਅਤੇ ਉਥੇ ਇਸ ਤੋਂ ਧਾਗੇ ਅਤੇ ਫਿਰ ਧਾਗੇ ਤੋਂ ਪਸ਼ਮੀਨਾ ਸ਼ਾਲ ਬਣਾਉਣ ਦੀ ਪ੍ਰਕਿਰਿਆ ਅਤੇ ਇੰਬ੍ਰਾਇਡਰੀ ਕਸ਼ਮੀਰ 'ਚ ਹੀ ਹੁੰਦੀ ਹੈ। ਪਸ਼ਮੀਨਾ ਸ਼ਾਲ ਪੂਰਨ ਤੌਰ 'ਤੇ ਹੱਥ ਨਾਲ ਤਿਆਰ ਹੁੰਦੀ ਹੈ ਪਰ ਕਿਤੇ-ਕਿਤੇ ਹੁਣ ਇਸ ਨੂੰ ਮਸ਼ੀਨ ਨਾਲ ਬਣਾਇਆ ਜਾਣ ਲੱਗਾ ਹੈ। ਭਾਰਤ 'ਚ ਸਿਰਫ ਕਸ਼ਮੀਰ 'ਚ ਹੀ ਇਸ ਦਾ ਉਤਪਾਦਨ ਹੁੰਦਾ ਹੈ। ਕਸ਼ਮੀਰ 'ਚ ਕਾਰੀਗਰ ਘਰ-ਘਰ 'ਚ ਵੂਲ ਤੋਂ ਧਾਗਾ ਬਣਾਉਂਦੇ ਹਨ ਅਤੇ ਫਿਰ ਸ਼ਾਲ ਬਣਾਈ ਜਾਂਦੀ ਹੈ ਅਤੇ ਇੰਬ੍ਰਾਇਡਰੀ ਕੀਤੀ ਜਾਂਦੀ ਹੈ।


Related News