ਡੋਨਾਲਡ ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਤੋਂ ਬਾਅਦ ਸ਼ੇਅਰਾਂ ''ਚ ਆਈ ਗਿਰਾਵਟ, ਕੱਚਾ ਤੇਲ ਟੁੱਟਿਆ
Friday, Oct 02, 2020 - 05:05 PM (IST)
ਵਾਸ਼ਿੰਗਟਨ (ਏਜੰਸੀ) — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲੇਨੀਆ ਟਰੰਪ ਨੂੰ ਕੋਵਿਡ -19 ਸੰਕਰਮਨ ਦੀ ਖ਼ਬਰ ਤੋਂ ਬਾਅਦ ਯੂ.ਐਸ. ਸਟਾਕ ਫਿਊਚਰਜ਼ ਦਾ ਕਾਰੋਬਾਰ ਅਤੇ ਏਸ਼ੀਆਈ ਬਾਜ਼ਾਰਾਂ ਵਿਚ ਗਿਰਾਵਟ ਆ ਗਈ। ਐਸ.ਐਂਡ.ਪੀ. 500 ਅਤੇ ਡਾਓ ਇੰਡਸਟਰੀਅਲ ਦੇ ਫਿਊਚਰਜ਼ ਇਕਰਾਰਨਾਮਾ ਦੋਵੇਂ ਕੁਝ ਸਮੇਂ ਲਈ ਦੋ ਪ੍ਰਤੀਸ਼ਤ ਤੋਂ ਵੀ ਹੇਠਾਂ ਆ ਗਏ। ਬਾਅਦ ਵਿਚ ਉਹ 1.4 ਪ੍ਰਤੀਸ਼ਤ ਦੇ ਘਾਟੇ 'ਤੇ ਵਪਾਰ ਕਰ ਰਹੇ ਸਨ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵੀ ਤਿੰਨ ਪ੍ਰਤੀਸ਼ਤ ਤੋਂ ਵੱਧ ਖਿਸਕ ਗਈਆਂ। ਟਰੰਪ ਨੇ ਟਵੀਟ ਕਰਕੇ ਆਪਣੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਹੋਪ ਹਿਕਸ ਇਸ ਵਾਇਰਸ ਨਾਲ ਸੰਕਰਮਿਤ ਹੋ ਗਏ ਸਨ। ਹਿਕਸ ਇਸ ਹਫਤੇ ਕਈ ਵਾਰ ਰਾਸ਼ਟਰਪਤੀ ਨਾਲ ਯਾਤਰਾ ਕਰ ਚੁੱਕੇ ਹਨ। ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗਸੈਂਗ ਸ਼ੁੱਕਰਵਾਰ ਨੂੰ ਬੰਦ ਰਿਹਾ। ਜਾਪਾਨ ਦਾ ਨਿੱਕੀ ਸ਼ੁਰੂਆਤੀ ਮੁਨਾਫਾ ਗੁਆਉਣ ਤੋਂ ਬਾਅਦ 0.7% ਦੀ ਗਿਰਾਵਟ ਦੇ ਨਾਲ 23,029.90 ਅੰਕ 'ਤੇ ਬੰਦ ਹੋਇਆ। ਆਸਟਰੇਲੀਆ ਦਾ ਬੈਂਚਮਾਰਕ ਐਸ.ਐਂਡ.ਪੀ. / ਏ.ਐਸ.ਐਕਸ. 200, 1.4 ਪ੍ਰਤੀਸ਼ਤ ਟੁੱਟ ਗਿਆ। ਸਿੰਗਾਪੁਰ, ਥਾਈਲੈਂਡ ਅਤੇ ਇੰਡੋਨੇਸ਼ੀਆ ਦੇ ਬਾਜ਼ਾਰਾਂ ਵਿਚ ਵੀ ਗਿਰਾਵਟ ਆਈ।