ਪੰਜਾਬ ਮੰਤਰੀ ਮੰਡਲ ਨੇ ਲਏ ਕਈ ਵੱਡੇ ਫੈਸਲੇ, 200 ਯੂਨਿਟ ਮੁਫਤ ਬਿਜਲੀ ਦੇਣ ਨੂੰ ਵੀ ਮਨਜ਼ੂਰੀ

Thursday, Aug 11, 2016 - 08:13 AM (IST)

 ਪੰਜਾਬ ਮੰਤਰੀ ਮੰਡਲ ਨੇ ਲਏ ਕਈ ਵੱਡੇ ਫੈਸਲੇ, 200 ਯੂਨਿਟ ਮੁਫਤ ਬਿਜਲੀ ਦੇਣ ਨੂੰ ਵੀ ਮਨਜ਼ੂਰੀ

ਚੰਡੀਗੜ— ਚੋਣਾਂ ਨੇੜੇ ਆਉਂਦੇ ਹੀ ਬਾਦਲ ਸਰਕਾਰ ਨੇ ਲੋਕਾਂ ਨੂੰ ਲੁਭਾਉਣ ਲਈ ਕਈ ਵੱਡੇ ਫੈਸਲੇ ਲਏ ਹਨ। ਪੰਜਾਬ ਮੰਤਰੀ ਮੰਡਲ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ''ਚ ਹੋਈ ਬੈਠਕ ''ਚ ਕਈ ਅਹਿਮ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਵੱਡਾ ਫੈਸਲਾ ਲੈਂਦੇ ਹੋਏ ਸੂਬੇ ''ਚ ਐੱਸ. ਸੀ. ਵਰਗ ਦੀ ਤਰਜ਼ ''ਤੇ ਹੀ ਸੂਬੇ ਦੀਆਂ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਘਰੇਲੂ ਵਰਤੋਂ ਲਈ 200 ਯੂਨਿਟ ਮੁਫਤ ਬਿਜਲੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਕਾਰਨ ਜਨਰਲ ਸ਼੍ਰੇਣੀ ਦੇ ਲੋਕਾਂ ''ਤੇ ਬਿਜਲੀ ਬਿੱਲਾਂ ਦਾ ਬੋਝ ਵੀ ਵਧ ਸਕਦਾ ਹੈ। ਅਗਲਾ ਵਿਧਾਨ ਸਭਾ ਸੈਸ਼ਨ 5 ਸਤੰਬਰ ਤੋਂ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ 9 ਸਤੰਬਰ ਤੱਕ ਚੱਲੇਗਾ। 

ਵੈਟ ''ਚ ਕੀਤੀ ਗਈ ਕਟੌਤੀ

ਇਕ ਹੋਰ ਅਹਿਮ ਫੈਸਲੇ ''ਚ ਜੀਰਾ, ਧਨੀਆ, ਅਜਵਾਇਨ ਤੇ ਕਾਲੀ ਮਿਰਚ ''ਤੇ ਵੈਟ ''ਚ ਕਟੌਤੀ ਕੀਤੀ ਗਈ ਹੈ। ਹੁਣ ਇਨ੍ਹਾਂ ਚੀਜ਼ਾਂ ''ਤੇ 6.87 ਫੀਸਦੀ ਦੀ ਥਾਂ 4.4 ਫੀਸਦੀ ਵੈਟ ਹੀ ਲੱਗੇਗਾ। ਜ਼ਿਕਰਯੋਗ ਹੈ ਕਿ ਪਿਛਲੀ ਕੈਬਨਿਟ ਬੈਠਕ ''ਚ ਇਸ ''ਤੇ ਫੈਸਲਾ ਨਾ ਹੋਣ ''ਤੇ ਮੰਤਰੀ ਅਨਿਲ ਜੋਸ਼ੀ ਨੇ ਰੋਸ ਪ੍ਰਗਟਾਇਆ ਸੀ, ਜਿਸਦੇ ਮੱਦੇਨਜ਼ਰ ਹੁਣ ਕੈਬਨਿਟ ਬੈਠਕ ''ਚ ਇਹ ਪ੍ਰਸਤਾਵ ਲਿਆ ਕੇ ਇਸ ਨੂੰ ਮਨਜ਼ੂਰੀ ਦਿੱਤੀ ਗਈ। ਪੀ. ਐੱਸ. ਆਈ. ਡੀ. ਸੀ., ਪੀ. ਏ. ਆਈ. ਸੀ. ''ਚ ਲੰਬਿਤ ਕਰਜ਼ੇ ਤੇ ਦੇਣਦਾਰੀਆਂ ਦੇ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਸਮਾਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਗਿਆ ਹੈ। 

ਕਈ ਹੋਰ ਅਹਿਮ ਫੈਸਲੇ ਲਏ

ਹੋਰ ਅਹਿਮ ਫੈਸਲਿਆਂ ''ਚ ਛੋਟੇ ਬਿਜਲੀ ਉਦਯੋਗਿਕ ਖਪਤਕਾਰਾਂ ਨੂੰ 4.99 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਿਆਇਤੀ ਦਰਾਂ ''ਤੇ ਬਿਜਲੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਦਯੋਗਿਕ ਫੋਕਲ ਪੁਆਇੰਟਾਂ ਦੇ ਉਦਯੋਗਿਕ ਪਲਾਂਟਾਂ ਨੂੰ ਗੈਰ-ਉਦਯੋਗਿਕ ਕੰਮਾਂ ਲਈ ਵਰਤੋਂ ਕਰਨ ਦੀ ਪਾਲਿਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕ੍ਰਿਸ਼ਚੀਅਨ ਅਤੇ ਮੁਸਲਿਮ ਭਾਈਚਾਰੇ ਲਈ ਕਬਰਿਸਤਾਨਾਂ ਲਈ ਜ਼ਮੀਨ ਖਰੀਦਣ ਲਈ ਫੰਡ ਜਾਰੀ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਸਤੇ ਮਕਾਨਾਂ ਦੀ ਕਨਵੈਂਸ ਡੀਡ ''ਤੇ ਸਟੈਂਪ ਡਿਊਟੀ ''ਚ 50 ਫੀਸਦੀ ਦੀ ਛੋਟ ਦਿੱਤੀ ਗਈ ਹੈ ਅਤੇ ਨਵੇਂ ਫਲੈਟਾਂ ''ਤੇ ਇਹ 20 ਫੀਸਦੀ ਹੋਵੇਗੀ। 

ਪੰਜਾਬ ਮੀਡੀਅਮ ਅਤੇ ਭਾਰਤ ''ਚ ਬਣੀ ਵਿਦੇਸ਼ੀ ਸ਼ਰਾਬ ਅਤੇ ਬੀਅਰ ਦੇ ਸੋਧੇ ਕੋਟੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਲਾਸ਼ ਮਾਨ ਸਰੋਵਰ ਯਾਤਰਾ ਲਈ 1 ਲੱਖ ਰੁਪਏ ਪ੍ਰਤੀ ਸ਼ਰਧਾਲੂ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਮੰਤਰੀ ਮੰਡਲ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨੂੰ 1 ਨਵੰਬਰ, 2016 ਤੋਂ 31 ਅਕਤੂਬਰ, 2017 ਤੱਕ ਚਲਾਉਣ ਲਈ ਟੈਂਡਰ ਮੰਗੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਨਵੰਬਰ 2015 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੀ ਮੌਜੂਦਾ ਮਿਆਦ 31 ਅਕਤੂਬਰ, 2016 ਨੂੰ ਖਤਮ ਹੋ ਰਹੀ ਹੈ। ਮੰਤਰੀ ਮੰਡਲ ਨੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਸਾਲ 2016-17 ਦੌਰਾਨ ਵੰਡੇ ਗਏ ਠੇਕਿਆਂ ਦੇ ਦੇਸੀ, ਅੰਗਰੇਜ਼ੀ ਅਤੇ ਬੀਅਰ ਦੇ ਸੋਧੇ ਕੋਟੇ ਤੇ ਪ੍ਰਾਪਤ ਹੋਣ ਵਾਲੇ ਅੰਦਾਜ਼ਨ ਮਾਲੀਏ ਦੀ ਪ੍ਰਵਾਨਗੀ ਦੇ ਦਿੱਤੀ ਹੈ। 

ਹੁਣ ਸਾਲ 2016-17 ਦੌਰਾਨ ਦੇਸੀ ਸ਼ਰਾਬ ਦਾ ਕੋਟਾ 1030 ਲੱਖ ਪਰੂਫ ਲੀਟਰ ਤੋਂ ਘੱਟ ਕੇ 1010.98  ਪਰੂਫ ਲੀਟਰ ਰਹਿ ਜਾਵੇਗਾ ਅਤੇ ਅੰਗਰੇਜ਼ੀ ਸ਼ਰਾਬ ਦਾ ਕੋਟਾ 475 ਲੱਖ ਪਰੂਫ ਲੀਟਰ ਤੋਂ ਘੱਟ ਕੇ 473.04 ਲੱਖ ਪਰੂਫ ਲੀਟਰ ਰਹਿ ਜਾਵੇਗਾ ਜਦੋਂ ਕਿ ਬੀਅਰ ਦਾ ਕੋਟਾ 330 ਲੱਖ ਬਲਾਕ ਲੀਟਰ ਤੋਂ ਘੱਟ ਕੇ 329.97 ਲੱਖ ਬਲਾਕ ਲੀਟਰ ਰਹਿ ਜਾਵੇਗਾ। 

ਮੰਤਰੀ ਮੰਡਲ ਨੇ ਘੱਟੋ-ਘੱਟ 30 ਏਕੜ ਵਾਲੀ ''ਲੋਅ ਡੈਂਸਟੀ ਕੰਟਰੀ ਹੋਮਜ਼ ਰੈਜ਼ੀਡੈਂਸ਼ੀਅਲ ਡਿਵੈੱਲਪਮੈਂਟ ਪਾਲਿਸੀ'' ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਪੰਜਾਬ ਸੇਵਾ ਨਿਯਮ (ਅਗਾਊਂ ਸੇਵਾ-ਮੁਕਤੀ), 1975 ਦੇ ਨਿਯਮ 2 (3), 3 (1) (ਏ), 4 (2) ਅਤੇ 4 (4) ''ਚ ਸੋਧ ਕਰ ਕੇ ਪੂਰੀ ਪੈਨਸ਼ਨ ਹਾਸਲ ਕਰਨ ਲਈ ਪਹਿਲਾਂ ਮਿੱਥੀ ਹੋਈ 33 ਸਾਲ ਦੀ ਲੋੜੀਂਦੀ ਕੁਲ ਸੇਵਾ ਦੀ ਹੱਦ ਨੂੰ ਹੁਣ ਘਟਾ ਕੇ 25 ਸਾਲ ਕਰ ਦਿੱਤਾ ਹੈ।


Related News