ਸੀਰਮ ਜਨਵਰੀ ਤੱਕ ਬਣਾ ਲਵੇਗੀ ਕੋਰੋਨਾ ਟੀਕੇ ਦੀਆਂ 20 ਕਰੋੜ ਖ਼ੁਰਾਕਾਂ
Friday, Nov 13, 2020 - 04:00 PM (IST)
ਮੁੰਬਈ— ਸੀਰਮ ਇੰਸਟੀਚਿਊਟ ਅਗਲੇ ਸਾਲ ਜਨਵਰੀ ਤੱਕ ਐਸਟ੍ਰਾਜੇਨੇਕਾ-ਯੂਨੀਵਰਸਿਟੀ ਆਫ਼ ਆਕਸਫੋਰਡ ਵੱਲੋਂ ਤਿਆਰ ਕੀਤੇ ਜਾ ਰਹੇ ਟੀਕੇ ਦੀਆਂ 20 ਕਰੋੜ ਖ਼ੁਰਾਕਾਂ ਤਿਆਰ ਕਰ ਲਵੇਗੀ। ਜੇਕਰ ਭਾਰਤ ਦੇ ਦਵਾ ਨਿਗਰਾਨ ਨੇ ਟੀਕੇ ਦੀ ਸੰਕਟਕਾਲੀਨ ਵਰਤੋਂ ਨੂੰ ਮਨਜ਼ੂਰੀ ਦਿੱਤੀ ਤਾਂ ਸੀਰਮ ਸਥਾਨਕ ਪੱਧਰ 'ਤੇ ਟੀਕਾਕਰਨ ਪ੍ਰੋਗਰਾਮ ਲਈ ਇਸ ਦੀ ਸਪਲਾਈ ਸ਼ੁਰੂ ਕਰ ਦੇਵੇਗੀ।
ਕੰਪਨੀ ਜਿੰਨੇ ਟੀਕੇ ਤਿਆਰ ਕਰੇਗੀ, ਉਨ੍ਹਾਂ 'ਚੋਂ 50 ਫ਼ੀਸਦੀ ਦੀ ਵਰਤੋਂ ਦੇਸ਼ 'ਚ ਹੀ ਕੀਤੀ ਜਾਵੇਗੀ। ਇਸ ਵਿਚਕਾਰ ਸੀਰਮ ਨੇ ਕੋਵਿਡਸ਼ੀਲਡ (ਐਸਟ੍ਰਾਜੇਨੇਕਾ-ਯੂਨੀਵਰਸਿਟੀ ਆਫ਼ ਆਕਸਫੋਰਡ ਦਾ ਟੀਕਾ) ਦੇ ਤੀਜੇ ਪੜਾਅ ਦੇ ਪ੍ਰੀਖਣ ਲਈ 1,600 ਤੋਂ ਜ਼ਿਆਦਾ ਲੋਕਾਂ ਦਾ ਇੰਤਜ਼ਾਮ ਕਰ ਲਿਆ ਹੈ।
ਸੂਤਰਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ ਸਾਰੇ 1,600 ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅੰਕੜਿਆਂ ਦਾ ਵਿਸ਼ਲੇਸ਼ਣ ਸ਼ੁਰੂ ਹੋਵੇਗਾ, ਜਿਸ 'ਚ ਕੁਝ ਹਫ਼ਤੇ ਲੱਗ ਜਾਂਦੇ ਹਨ। ਬ੍ਰਿਟੇਨ 'ਚ ਵੀ ਐਸਟ੍ਰਾਜੇਨੇਕਾ ਆਪਣੇ ਟੀਕੇ ਦਾ ਪ੍ਰੀਖਣ ਕਰ ਰਹੀ ਹੈ ਅਤੇ ਅਗਲੇ ਤਿੰਨ ਹਫ਼ਤਿਆਂ 'ਚ ਉੱਥੇ ਵੀ ਅੰਕੜੇ ਉਪਲਬਧ ਹੋ ਜਾਣਗੇ। ਉਸ ਤੋਂ ਬਾਅਦ ਇਹ ਅੰਕੜੇ ਭਾਰਤੀ ਰੈਗੂਲੇਟਰ ਨੂੰ ਸੌਂਪੇ ਜਾਣਗੇ।