ਸੈਂਸੈਕਸ 50 ਹਜ਼ਾਰ ਤੋਂ ਪਾਰ, ਨਿਫਟੀ 112 ਅੰਕ ਉਛਲ ਕੇ 14,800 ਤੋਂ ਉਪਰ

Wednesday, Feb 24, 2021 - 10:30 AM (IST)

ਮੁੰਬਈ- ਭਾਰਤੀ ਅਰਥਵਿਵਸਥਾ ਦੇ ਹਾਂ-ਪੱਖੀ ਹੋਣ ਦੀ ਸੰਭਾਵਨਾ ਨਾਲ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਬਾਜ਼ਾਰ ਵਿਚ ਚੰਗੀ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲ ਰਿਹਾ ਹੈ। ਬੀ. ਐੱਸ. ਈ. ਸੈਂਸੈਕਸ 322 ਅੰਕ ਯਾਨੀ 0.6 ਫ਼ੀਸਦੀ ਦੀ ਛਲਾਂਗ ਲਾ ਕੇ 50,074 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਇਸ ਦੌਰਾਨ ਐੱਨ. ਐੱਸ. ਈ.-50 ਦਾ ਨਿਫਟੀ ਵੀ 112.65 ਅੰਕ ਯਾਨੀ 0.7 ਫ਼ੀਸਦੀ ਦਾ ਉਛਾਲ ਲਾ ਕੇ 14,820.45 ਦੇ ਪੱਧਰ 'ਤੇ ਪਹੁੰਚ ਗਿਆ।

ਹਾਲਾਂਕਿ, ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਹੈ। ਏਸ਼ੀਆਈ ਬਾਜ਼ਾਰ ਜ਼ਿਆਦਾਤਰ ਲਾਲ ਨਿਸ਼ਾਨ 'ਤੇ ਹਨ, ਜਦੋਂ ਕਿ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ।

ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ ਵਿਚ ਬਜਾਜ ਫਾਈਨੈਂਸ, ਐੱਸ. ਬੀ. ਆਈ., ਐਕਸਿਸ ਬੈਂਕ, ਅਲਟ੍ਰਾਟੈਕ ਸੀਮੈਂਟ ਵਿਚ ਮਜਬੂਤੀ ਦੇਖਣ ਨੂੰ ਮਿਲੀ। ਟੀ. ਸੀ. ਐੱਸ., ਡਾ. ਰੈਡੀਜ਼, ਐੱਚ. ਯੂ. ਐੱਲ. ਇਸ ਦੌਰਾਨ ਲਾਲ ਨਿਸ਼ਾਨ 'ਤੇ ਸਨ। ਇਕ ਰਿਪੋਰਟ ਮੁਤਾਬਕ, 2020-21 ਦੀ ਤੀਜੀ ਤਿਮਾਹੀ ਵਿਚ ਭਾਰਤ ਦੀ ਜੀ. ਡੀ. ਪੀ. 1.3 ਫ਼ੀਸਦੀ ਦੀ ਸਕਾਰਾਤਮਕ ਦਰ ਨਾਲ ਵਾਪਸੀ ਕਰ ਸਕਦੀ ਹੈ ਕਿਉਂਕਿ ਕੋਵਿਡ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਜਨਤਕ ਖਰਚਿਆਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਸਰਕਾਰ ਦਸੰਬਰ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਸ਼ੁੱਕਰਵਾਰ ਨੂੰ ਜਾਰੀ ਕਰਨ ਵਾਲੀ ਹੈ। ਇਸ ਤੋਂ ਪਹਿਲਾਂ 2020-21 ਦੀ ਜੂਨ ਤਿਮਾਹੀ ਵਿਚ ਭਾਰਤ ਦੀ ਅਰਥਵਿਵਸਥਾ ਵਿਚ 24 ਫ਼ੀਸਦੀ ਦੀ ਗਿਰਾਵਟ ਅਤੇ ਸਤੰਬਰ ਤਿਮਾਹੀ ਵਿਚ 7.5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪਹਿਲੀ ਤਿਮਹੀ ਵਿਚ ਕੋਵਿਡ-19 ਤਾਲਾਬੰਦੀ ਕਾਰਨ ਜੀ. ਡੀ. ਪੀ. ਵਿਚ ਭਾਰੀ ਗਿਰਾਵਟ ਰਹੀ ਸੀ।


Sanjeev

Content Editor

Related News