ਬਾਜ਼ਾਰ 'ਚ ਰੌਣਕ, ਸੈਂਸੈਕਸ 1000 ਅੰਕ ਤੋਂ ਵੱਧ ਦਾ ਉਛਾਲ ਲਾ ਕੇ 49,600 ਤੋਂ ਪਾਰ
Tuesday, Feb 02, 2021 - 09:18 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਅਤੇ ਸਰਕਾਰ ਵੱਲੋਂ ਬਜਟ 2021 ਵਿਚ ਅਰਥਵਿਵਸਥਾ ਨੂੰ ਬੂਸਟ ਦੇਣ ਦੇ ਕਈ ਉਪਾਵਾਂ ਦੀਆਂ ਘੋਸ਼ਣਾਵਾਂ ਦੇ ਮੱਦੇਨਜ਼ਰ ਬਾਜ਼ਾਰ ਵਿਚ ਸ਼ਾਨਦਾਰ ਬੜ੍ਹਤ ਜਾਰੀ ਹੈ। ਸੋਮਵਾਰ ਨੂੰ ਸੈਂਸੈਕਸ 700 ਅੰਕ ਦੀ ਮਜਬੂਤੀ ਨਾਲ ਖੁੱਲ੍ਹਣ ਪਿੱਛੋਂ 1,000 ਤੋਂ ਵੱਧ ਅੰਕ ਯਾਨੀ 2.06 ਫ਼ੀਸਦੀ ਦੀ ਜ਼ੋਰਦਾਰ ਤੇਜ਼ੀ ਨਾਲ 49,602.20 ਦੇ ਪੱਧਰ ਤੋਂ ਪਾਰ ਹੋ ਗਿਆ ਹੈ। ਉੱਥੇ ਹੀ, ਇਸ ਦੌਰਾਨ ਨਿਫਟੀ 282 ਅੰਕ ਯਾਨੀ 1.9 ਫ਼ੀਸਦੀ ਦੀ ਬੜ੍ਹਤ ਨਾਲ 14,563.40 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਸਰਕਾਰ ਨੇ ਬਜਟ 2021 ਵਿਚ ਬੇਸ਼ੱਕ ਇਨਕਮ ਟੈਕਸ ਵਿਚ ਕਟੌਤੀ ਦਾ ਰਸਤਾ ਅਪਣਾ ਕੇ ਮੰਗ ਨੂੰ ਉਤਸ਼ਾਹਤ ਕਰਨ ਲਈ ਕਦਮ ਨਹੀਂ ਚੁੱਕਿਆ ਪਰ ਹੈਲਥਕੇਅਰ, ਆਟੋ ਸੈਕਟਰ ਅਤੇ ਪੂੰਜੀਗਤ ਖ਼ਰਚ ਨੂੰ ਲੈ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਦਾ ਇਕ ਬਿਹਤਰ ਰੋਡਮੈਪ ਦਿੱਤਾ ਹੈ, ਜਿਸ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਸ਼ਿਖਰ 'ਤੇ ਹੈ।
ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਲਈ ਵਿੱਤੀ ਘਾਟਾ 9.5 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਹੈ। ਅਗਲੇ ਵਿੱਤੀ ਵਰ੍ਹੇ ਲਈ ਸਰਕਾਰ ਨੂੰ ਉਮੀਦ ਹੈ ਕਿ ਵਿੱਤੀ ਘਾਟਾ ਜੀ. ਡੀ. ਪੀ. ਦੇ 6.8 ਫੀਸਦੀ ਰਹੇਗਾ। ਇਸ ਤੋਂ ਇਲਾਵਾ ਸਰਕਾਰੀ ਬੈਂਕਾਂ ਦੀ ਬੈਲੰਸ ਸ਼ੀਟ ਨੂੰ ਦਰੁਸਤ ਕਰਨ ਲਈ ਵੀ 20,000 ਕਰੋੜ ਰੁਪਏ ਦੀ ਪੂੰਜੀ ਪਾਉਣ ਦਾ ਪ੍ਰਸਤਾਵ ਹੈ। ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ ਹਿੰਦੋਸਤਾਨ ਯੂਨੀਲੀਵਰ ਨੂੰ ਛੱਡ ਕੇ ਬਾਕੀ ਸਭ ਵਿਚ ਤੇਜ਼ੀ ਦੇਖਣ ਨੂੰ ਮਿਲੀ।
ਉੱਥੇ ਹੀ, ਨਿਫਟੀ ਦੇ ਸੈਕਟਰਲ ਇੰਡੈਕਸ ਵਿਚ ਨਿਫਟੀ ਬੈਂਕ ਵਿਚ 4.6 ਫ਼ੀਸਦੀ, ਨਿਫਟੀ ਆਟੋ ਵਿਚ 2.38 ਫ਼ੀਸਦੀ ਮਜਬੂਤੀ ਦੇਖਣ ਨੂੰ ਮਿਲੀ। ਬੀ. ਐੱਸ. ਈ. ਮਿਡ ਕੈਪ ਵਿਚ 2.2 ਫ਼ੀਸਦੀ ਦੀ ਤੇਜ਼ੀ ਦਿਸੀ। ਨਿਫਟੀ 50 ਦੇ 46 ਸ਼ੇਅਰਾਂ ਵਿਚ ਉਛਾਲ, ਜਦੋਂ ਕਿ ਬਾਕੀ ਵਿਚ ਨਰਮੀ ਹੈ।