ਸੈਂਸੈਕਸ ਰਿਕਾਰਡ 46,800 ਤੋਂ ਪਾਰ, ਨਿਫਟੀ 13,740 ਦੇ ਪੱਧਰ 'ਤੇ ਬੰਦ
Thursday, Dec 17, 2020 - 04:01 PM (IST)
ਮੁੰਬਈ- ਵੀਰਵਾਰ ਨੂੰ ਬਾਜ਼ਾਰ ਲਗਾਤਾਰ 5ਵੇਂ ਦਿਨ ਤੇਜ਼ੀ ਵਿਚ ਬੰਦ ਹੋਇਆ। ਸੈਂਸੈਕਸ 224 ਅੰਕ ਚੜ੍ਹ ਕੇ ਰਿਕਾਰਡ 46,890 ਦੇ ਪੱਧਰ 'ਤੇ ਅਤੇ ਨਿਫਟੀ 58 ਅੰਕ ਦੀ ਤੇਜ਼ੀ ਨਾਲ 13,741 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਵਿਚੋਂ 14 ਸ਼ੇਅਰ ਹਰੇ ਵਿਚ ਬੰਦ ਹੋਏ। ਨਿੱਜੀ ਵਿੱਤੀ ਅਤੇ ਫਾਰਮਾ ਕੰਪਨੀਆਂ ਦੇ ਸ਼ੇਅਰਾਂ ਨੇ ਬਾਜ਼ਾਰ ਦੀ ਅਗਵਾਈ ਕੀਤੀ। ਸੈਂਸੈਕਸ ਅਤੇ ਨਿਫਟੀ ਲਗਾਤਾਰ ਚੌਥੀ ਵਾਰ ਨਵੀਂ ਉਚਾਈ 'ਤੇ ਬੰਦ ਹੋਏ ਹਨ।
ਬਾਜ਼ਾਰ ਵਿਚ ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਬਜਾਜ ਫਾਈਨੈਂਸ ਵਰਗੇ ਨਿੱਜੀ ਵਿੱਤੀ ਅਤੇ ਡਿਵੀਜ਼ ਲੈਬਾਰਟਰੀ ਨਾਲ ਹਰਿਆਲੀ ਬਰਕਰਾਰ ਰਹੀ, ਜਦੋਂ ਕਿ ਐੱਨ. ਐੱਸ. ਈ. ਨਿਫਟੀ ਦੇ 50 ਵਿਚੋਂ 33 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।
ਉੱਥੇ ਹੀ, ਇਸ ਵਿਚਕਾਰ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਵਿਚ ਗਿਰਾਵਟ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਦੇ ਸਮਰਥਨ ਦੇ ਬਾਵਜੂਦ ਰੁਪਿਆ 73.59 ਰੁਪਏ 'ਤੇ ਸਥਿਰ ਬੰਦ ਹੋਇਆ। ਪਿਛਲੇ ਦਿਨ ਡਾਲਰ ਦੇ ਮੁਕਾਬਲੇ ਰੁਪਿਆ ਚਾਰ ਪੈਸੇ ਦੀ ਤੇਜ਼ੀ ਨਾਲ 73.59 ਦੇ ਪੱਧਰ 'ਤੇ ਰਿਹਾ ਸੀ।
ਨਿਫਟੀ ਮਿਡਕੈਪ 100 ਇੰਡੈਕਸ ਕਾਰੋਬਾਰ ਦੌਰਾਨ 0.75 ਫ਼ੀਸਦੀ ਵੱਧ ਕੇ 21,064 ਦੇ ਦਿਨ ਦੇ ਉੱਚੇ ਪੱਧਰ ਤੱਕ ਪੁੱਜਾ, ਜੋ ਜਨਵਰੀ 2018 ਤੋਂ ਬਾਅਦ ਪਹਿਲੀ ਵਾਰ 21,000 ਦੇ ਪੱਧਰ ਨੂੰ ਪਾਰ ਕਰ ਗਿਆ। ਹਾਲਾਂਕਿ, ਮੁਨਾਫਾਵਸੂਲੀ ਕਾਰਨ ਇਹ 0.27 ਫ਼ੀਸਦੀ ਹੇਠਾਂ ਆ ਕੇ 20,849 ਦੇ ਪੱਧਰ 'ਤੇ ਆ ਗਿਆ।