ਸੈਂਸੈਕਸ 34,400 ਦੇ ਪਾਰ, ਨਿਫਟੀ 10,600 ਦੇ ਨੇੜੇ ਬੰਦ

Monday, Feb 26, 2018 - 03:49 PM (IST)

ਸੈਂਸੈਕਸ 34,400 ਦੇ ਪਾਰ, ਨਿਫਟੀ 10,600 ਦੇ ਨੇੜੇ ਬੰਦ

ਮੁੰਬਈ— ਗਲੋਬਲ ਸੰਕੇਤਾਂ ਅਤੇ ਆਰਥਿਕ ਗ੍ਰੋਥ ਦਸੰਬਰ ਤਿਮਾਹੀ 'ਚ ਮਜ਼ਬੂਤ ਰਹਿਣ ਦੀ ਉਮੀਦ ਸਦਕਾ ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ 'ਚ ਰਿਹਾ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 303.60 ਅੰਕ ਚੜ੍ਹ ਕੇ 34,400 ਦੇ ਪੱਧਰ ਨੂੰ ਪਾਰ ਕਰਦਾ ਹੋਇਆ 34,445.75 'ਤੇ ਬੰਦ ਹੋਇਆ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 91.55 ਅੰਕ ਵਧ ਕੇ 10,600 ਦੇ ਨੇੜੇ 10,582.60 'ਤੇ ਬੰਦ ਹੋਇਆ। ਗਲੋਬਲ ਵਿੱਤੀ ਸੇਵਾ ਕੰਪਨੀ ਮਾਰਗਨ ਸਟੈਨਲੀ ਨੇ ਦਸੰਬਰ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ 7 ਫੀਸਦੀ ਰਹਿਣ ਦੀ ਉਮੀਦ ਜਤਾਈ ਹੈ। ਜੁਲਾਈ-ਸਤੰਬਰ ਤਿਮਾਹੀ 'ਚ ਭਾਰਤ ਦੀ ਜੀ. ਡੀ. ਪੀ. ਗ੍ਰੋਥ ਰੇਟ 6.3 ਫੀਸਦੀ ਰਹੀ ਸੀ, ਜਦੋਂ ਕਿ ਜੂਨ ਤਿਮਾਹੀ 'ਚ ਇਹ 5.7 ਫੀਸਦੀ ਦੇ ਪੱਧਰ 'ਤੇ ਸੀ। 28 ਫਰਵਰੀ ਨੂੰ ਤੀਜੀ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਜਾਰੀ ਹੋਣਗੇ। ਜੀ. ਡੀ. ਪੀ. ਗ੍ਰੋਥ ਵਧਣ ਦੀ ਉਮੀਦ ਨਾਲ ਨਿਵੇਸ਼ਕਾਂ 'ਚ ਇੰਡਸਟਰੀ ਅਤੇ ਸਰਵਿਸਿਜ਼ ਸੈਕਟਰ ਨੂੰ ਲੈ ਕੇ ਧਾਰਣਾ ਮਜ਼ਬੂਤ ਹੋਈ ਹੈ।

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ, ਟਾਟਾ ਮੋਟਰਜ਼, ਲਾਰਸਨ ਐਂਡ ਟੁਰਬੋ, ਇੰਡਸਇੰਡ ਬੈਂਕ ਅਤੇ ਯੂ. ਪੀ. ਐੱਲ. ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਟਾਕ ਰਹੇ, ਜਦੋਂ ਕਿ ਸਨ ਫਾਰਮਾ, ਟੀ. ਸੀ. ਐੱਸ., ਟੈੱਕ ਮਹਿੰਦਰਾ, ਇੰਫੋਸਿਸ, ਆਈ. ਟੀ. ਸੀ. ਗਿਰਾਵਟ ਨਾਲ ਬੰਦ ਹੋਏ। ਬੈਂਕ ਨਿਫਟੀ 385.40 ਯਾਨੀ 1.52 ਫੀਸਦੀ ਵਧ ਕੇ 25,687.90 'ਤੇ, ਨਿਫਟੀ ਆਟੋ 244.65 ਯਾਨੀ 2.24 ਫੀਸਦੀ ਚੜ੍ਹ ਕੇ 11,171.65 ਅਤੇ ਨਿਫਟੀ ਮੈਟਲ ਸੈਕਟਰ 43.15 ਅੰਕ ਯਾਨੀ 1.07 ਫੀਸਦੀ ਦੀ ਤੇਜ਼ੀ ਨਾਲ 4,071.95 'ਤੇ ਬੰਦ ਹੋਇਆ। ਉੱਥੇ ਹੀ, ਨਿਫਟੀ ਐੱਫ. ਐੱਮ. ਸੀ. ਜੀ., ਨਿਫਟੀ ਫਾਰਮਾ, ਨਿਫਟੀ ਪੀ. ਐੱਸ. ਯੂ. ਬੈਂਕ ਸੈਕਟਰ ਇੰਡੈਕਸ ਗਿਰਾਵਟ 'ਚ ਬੰਦ ਹੋਏ। 
ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ 'ਚ ਮਜ਼ਬੂਤੀ ਦੇਖਣ ਨੂੰ ਮਿਲੀ। ਲਾਰਜ ਕੈਪ 38.74 ਅੰਕ ਵਧ ਕੇ 4126.20 'ਤੇ, ਮਿਡ ਕੈਪ 122.84 ਅੰਕ ਦੀ ਮਜ਼ਬੂਤੀ ਨਾਲ 16684.87 'ਤੇ ਅਤੇ ਸਮਾਲ ਕੈਪ 157.90 ਚੜ੍ਹ ਕੇ 18154.12 'ਤੇ ਬੰਦ ਹੋਏ ਹਨ।


Related News