ਕੋਰੋਨਾ ਕਾਰਨ ਸ਼ੇਅਰ ਬਾਜ਼ਾਰ ਧੜੰਮ, 1707 ਅੰਕ ਡਿੱਗ ਕੇ ਬੰਦ ਹੋਇਆ ਸੈਂਸੈਕਸ
Monday, Apr 12, 2021 - 04:07 PM (IST)
ਮੁੰਬਈ - ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਦਾ ਅਸਰ ਅੱਜ ਸਾਰਾ ਦਿਨ ਬਾਜ਼ਾਰ ਵਿਚ ਵੀ ਦਿਖਾਈ ਦਿੱਤਾ। ਸ਼ੇਅਰ ਬਾਜ਼ਾਰ ਜਿਥੇ ਸੋਮਵਾਰ ਨੂੰ ਭਾਰੀ ਗਿਰਾਵਟ ਦੇ ਨਾਲ ਸ਼ੁਰੂ ਹੋਏ ਉਥੇ ਸੈਂਸੈਕਸ ਵੱਡੇ ਅੰਕੜੇ ਨਾਲ ਡਿੱਗ ਕੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 1707.94 ਅੰਕ ਯਾਨੀ 3.44 ਫੀਸਦੀ ਦੀ ਗਿਰਾਵਟ ਨਾਲ 47883.38 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 524.05 ਅੰਕ ਯਾਨੀ 3.53% ਦੀ ਗਿਰਾਵਟ ਦੇ ਨਾਲ 14310.80 'ਤੇ ਬੰਦ ਹੋਇਆ ਹੈ।
ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ ਵਿਚ 438.51 ਅੰਕ ਭਾਵ 0.87% ਦੇ ਨੁਕਸਾਨ ਵਿਚ ਰਿਹਾ। ਪਿਛਲੇ ਸਾਲ 23 ਮਾਰਚ ਨੂੰ ਕੋਰੋਨਾ ਦੇ ਕਾਰਨ, ਮਾਰਕੀਟ ਵਿਚ ਭਾਰੀ ਗਿਰਾਵਟ ਦਿਖਾਈ ਦਿੱਤੀ। ਉਦੋਂ ਸੈਂਸੈਕਸ 25,800 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਹਾਲਾਂਕਿ ਸਥਿਤੀ ਦੇ ਥੋੜੇ ਸੁਧਾਰ ਹੋਣ ਤੋਂ ਬਾਅਦ ਇਹ 52000 ਤੱਕ ਪਹੁੰਚ ਗਿਆ ਸੀ ਪਰ ਹੁਣ ਦੇਸ਼ ਵਿੱਚ ਦੁਬਾਰਾ ਸੰਕਰਮਿਤ ਹੋਣ ਦੇ ਮਾਮਲੇ ਵਧ ਰਹੇ ਹਨ, ਜਿਸ ਕਾਰਨ ਬਾਜ਼ਾਰ ਵਿਚ ਵਿਕਰੀ ਦਾ ਰੁਖ਼ ਦੇਖਣ ਨੂੰ ਮਿਲ ਰਿਹਾ ਹੈ।
ਸੈਂਸੇਕਸ ਵਿਚ ਸ਼ਾਮਲ 30 ਸਟਾਕਾਂ ਵਿਚੋਂ 29 ਵਿਚ ਗਿਰਾਵਟ ਦੇਖਣ ਨੂੰ ਮਿਲੀ। ਇੰਡੈਕਸ ਵਿਚ ਇੰਡਸਇੰਡ ਬੈਂਕ ਦਾ ਸ਼ੇਅਰ 8.6% ਡਿੱਗਾ ਹੈ। ਡਾ. ਰੈਡੀ ਦਾ ਸਟਾਕ 4.8% ਚੜ੍ਹ ਕੇ ਬੰਦ ਹੋਇਆ ਹੈ। ਨਿਫਟੀ ਵੀ 524 ਅੰਕਾਂ ਦੇ ਨੁਕਸਾਨ ਨਾਲ 14,310 ਦੇ ਪੱਧਰ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਇੰਡੈਕਸ ਦਿਨ ਦੇ ਸਭ ਤੋਂ ਉੱਚੇ ਪੱਧਰ 14,652 'ਤੇ ਪਹੁੰਚ ਗਿਆ।
ਸਟਾਕ ਮਾਰਕੀਟ ਵਿਚ ਗਿਰਾਵਟ ਦੇ 3 ਕਾਰਨ
1. ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਇੱਕ ਲੱਖ 69 ਹਜ਼ਾਰ 914 ਕੇਸ ਸਾਹਮਣੇ ਆਏ। ਇਹ ਦੇਸ਼ ਵਿਚ ਦਿਨ ਪ੍ਰਤੀ ਦਿਨ ਹੋਣ ਵਾਲੇ ਕੋਰੋਨਾ ਅੰਕੜਿਆਂ ਦੀ ਸਭ ਤੋਂ ਵੱਡੀ ਸੰਖਿਆ ਹੈ।
2. ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਵੀ ਗਿਰਾਵਟ ਦਾ ਰੁਖ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗ ਕਾਂਗ ਦਾ ਹੈਂਗਸੈਂਗ ਅਤੇ ਜਾਪਾਨ ਦਾ ਨਿੱਕੀ ਇੰਡੈਕਸ ਸ਼ਾਮਲ ਹੈ।
3. ਚੌਥੀ ਤਿਮਾਹੀ ਦੇ ਨਤੀਜਿਆਂ ਤੋਂ ਪਹਿਲਾਂ ਨਿਵੇਸ਼ਕ ਸ਼ਸ਼ੋਪੰਜ ਵਿਚ ਹਨ। ਲਗਾਤਾਰ ਦੋ ਤਿਮਾਹੀਆਂ ਦੇ ਚੰਗੇ ਨਤੀਜਿਆਂ ਤੋਂ ਬਾਅਦ ਚੌਥੀ ਤਿਮਾਹੀ ਦੌਰਾਨ ਕੋਰੋਨਾ ਪ੍ਰਭਾਵ ਦਿਖਾ ਰਿਹਾ ਹੈ। ਇਸ ਲਈ ਨਿਵੇਸ਼ਕ ਨਿਵੇਸ਼ ਕਰਨ ਤੋਂ ਪਹਿਲਾਂ ਸਾਵਧਾਨ ਹਨ।
ਬੈਂਕਿੰਗ ਸ਼ੇਅਰਾਂ ਵਿਚ 10% ਗਿਰਾਵਟ
ਅੱਜ ਦੀ ਭਾਰੀ ਗਿਰਾਵਟ ਵਿਚ ਬੈਂਕਿੰਗ ਖੇਤਰ ਦੇ ਸ਼ੇਅਰ ਸਭ ਤੋਂ ਅੱਗੇ ਹਨ। ਨਿਫਟੀ ਬੈਂਕ ਇੰਡੈਕਸ 1,656 ਅੰਕ ਭਾਵ 5.1% ਦੀ ਗਿਰਾਵਟ ਨਾਲ 30,792 'ਤੇ ਬੰਦ ਹੋਇਆ ਹੈ। ਇਸ ਵਿਚ ਆਰ.ਬੀ.ਐਲ. ਅਤੇ ਪੀ.ਐਨ.ਬੀ. ਬੈਂਕ ਦੇ ਸ਼ੇਅਰ 10-10% ਦੀ ਗਿਰਾਵਟ ਨਾਲ ਬੰਦ ਹੋਏ। ਬੈਂਕਿੰਗ ਸ਼ੇਅਰਾਂ ਦੀ ਗਿਰਾਵਟ ਦਾ ਮੁੱਖ ਕਾਰਨ ਤਾਲਾਬੰਦੀ ਦਾ ਖਦਸ਼ਾ ਹੈ, ਕਿਉਂਕਿ ਇਹ ਬੈਂਕਿੰਗ ਕਾਰੋਬਾਰ ਨੂੰ ਪ੍ਰਭਾਵਤ ਕਰ ਰਿਹਾ ਹੈ।
ਇਹ ਵੀ ਪੜ੍ਹੋ: 13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।