ਬਾਜ਼ਾਰ ਵਿਚ ਵੀ ਲੋਹੜੀ ਦਾ ਜਸ਼ਨ, ਸੈਂਸੈਕਸ ਤੇ ਨਿਫਟੀ 'ਚ ਜ਼ੋਰਦਾਰ ਉਛਾਲ

01/13/2020 9:16:58 AM

ਮੁੰਬਈ— ਲੋਹੜੀ ਦੇ ਮੌਕੇ ਬਾਜ਼ਾਰ 'ਚ ਵੀ ਜਸ਼ਨ ਦਾ ਮਾਹੌਲ ਦਿਸ ਰਿਹਾ ਹੈ। ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਸੋਮਵਾਰ ਨੂੰ ਰਿਕਾਰਡ ਪੱਧਰ 'ਤੇ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 254.64 ਅੰਕ ਦੀ ਸ਼ਾਨਦਾਰ ਬੜ੍ਹਤ ਨਾਲ 41,854.36 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 49.80 ਅੰਕ ਯਾਨੀ 0.41 ਫੀਸਦੀ ਦੀ ਤੇਜ਼ੀ ਨਾਲ 12,306.60 'ਤੇ ਖੁੱਲ੍ਹਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 80 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 200 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.80 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 70.94 ਦੇ ਪੱਧਰ 'ਤੇ ਬੰਦ ਹੋਇਆ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜਨਵਰੀ ਦੀ 10 ਤਰੀਕ ਤਕ ਦੇ ਕਾਰੋਬਾਰੀ ਇਜਲਾਸਾਂ 'ਚ ਭਾਰਤੀ ਪੂੰਜੀ ਬਾਜ਼ਾਰ 'ਚੋਂ 2,415 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਸ਼ੁੱਕਰਵਾਰ ਯੂ. ਐੱਸ. ਬਾਜ਼ਾਰ ਗਿਰਾਵਟ 'ਚ ਬੰਦ ਹੋਏ ਸਨ। ਹਾਲਾਂਕਿ, ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂ 'ਚ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਹਲਕੀ ਬੜ੍ਹਤ 'ਚ ਕਾਰੋਬਾਰ ਕਰ ਰਿਹਾ ਸੀ। ਸ਼ੰਘਾਈ ਕੰਪੋਜ਼ਿਟ 'ਚ 0.11 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ।
ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 50 ਅੰਕ ਯਾਨੀ 0.41 ਫੀਸਦੀ ਚੜ੍ਹ ਕੇ 12,341 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 110 ਅੰਕ ਯਾਨੀ 0.47 ਫੀਸਦੀ ਦੀ ਮਜਬੂਤੀ 'ਚ 23,850 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 275 ਅੰਕ ਯਾਨੀ 0.96 ਫੀਸਦੀ ਮਜਬੂਤ ਹੋ ਕੇ 28,914 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਕੋਸਪੀ 17 ਅੰਕ ਯਾਨੀ 0.78 ਫੀਸਦੀ ਦੀ ਤੇਜ਼ੀ 'ਚ 2,223 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.02 ਫੀਸਦੀ ਦੀ ਬੜ੍ਹਤ ਨਾਲ 3,256 'ਤੇ ਕਾਰੋਬਾਰ ਕਰ ਰਿਹਾ ਸੀ।


Related News