ਸਾਹਨੇਵਾਲ ਵਿਚ ਰੇਲਵੇ ਟ੍ਰੈਕ ''ਤੇ ਮਿਲੀ ਲਾਸ਼, ਮਚੀ ਸਨਸਨੀ
Thursday, Apr 30, 2026 - 06:39 PM (IST)
ਲੁਧਿਆਣਾ (ਰਾਜ): ਸਾਹਨੇਵਾਲ ਏਅਰਪੋਰਟ ਦੇ ਨਜ਼ਦੀਕ ਰੇਲਵੇ ਲਾਈਨਾਂ 'ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਉੱਥੇ ਇਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਲਾਸ਼ ਬਰਾਮਦ ਹੋਈ। ਸੂਚਨਾ ਮਿਲਦੇ ਹੀ ਜੀ.ਆਰ.ਪੀ. ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਲਾਸ਼ ਕਾਫ਼ੀ ਪੁਰਾਣੀ ਹੋਣ ਕਾਰਨ ਸ਼ਨਾਖ਼ਤ ਕਰਨਾ ਪੁਲਸ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਸੀ। ਹਾਲਾਂਕਿ, ਡੂੰਘੀ ਤਲਾਸ਼ੀ ਦੌਰਾਨ ਪੁਲਸ ਨੂੰ ਮ੍ਰਿਤਕ ਦੇ ਕੋਲੋਂ ਇਕ ਆਧਾਰ ਕਾਰਡ ਬਰਾਮਦ ਹੋਇਆ, ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਗਈ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 31 ਸਾਲਾ ਗੁੱਡੂ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਬਿਹਾਰ ਦੇ ਜ਼ਿਲ੍ਹਾ ਸਿਵਾਨ ਦਾ ਰਹਿਣ ਵਾਲਾ ਸੀ। ਗੁੱਡੂ ਕੁਆਰਾ ਸੀ ਅਤੇ ਕਾਫ਼ੀ ਸਮੇਂ ਤੋਂ ਲੁਧਿਆਣਾ ਵਿਚ ਰਹਿ ਕੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਪੁਲਸ ਨੇ ਘਟਨਾ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮਾਤਮ ਵਿਚ ਡੁੱਬਿਆ ਪਰਿਵਾਰ ਲੁਧਿਆਣਾ ਪਹੁੰਚ ਗਿਆ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਇਹ ਮਾਮਲਾ ਮਹਿਜ਼ ਇਕ ਹਾਦਸਾ ਹੈ, ਖੁਦਕੁਸ਼ੀ ਹੈ ਜਾਂ ਫਿਰ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ, ਪੁਲਸ ਇਨ੍ਹਾਂ ਸਾਰੇ ਪਹਿਲੂਆਂ 'ਤੇ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ। ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਮਾਮਲੇ ਵਿਚ ਫੋਰੈਂਸਿਕ ਮਾਹਰਾਂ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਅਤੇ ਸਮੇਂ ਦਾ ਸਹੀ ਪਤਾ ਲਗਾਇਆ ਜਾ ਸਕੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੀ ਅਸਲੀ ਵਜ੍ਹਾ ਸਾਫ਼ ਹੋ ਪਾਵੇਗੀ ਅਤੇ ਉਸ ਦੇ ਆਧਾਰ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
