ਸੈਂਸੈਕਸ 'ਚ 1,000 ਅੰਕ ਦਾ ਉਛਾਲ, ਨਿਫਟੀ 11,600 ਤੋਂ ਪਾਰ ਬੰਦ

09/23/2019 3:32:47 PM

ਮੁੰਬਈ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਾਰਪੋਰੇਟ ਟੈਕਸ 'ਚ ਕੀਤੀ ਗਈ ਕਟੌਤੀ ਤੇ ਜੀ. ਐੱਸ. ਟੀ. ਕੌਂਸਲ ਵੱਲੋਂ ਹੋਟਲਾਂ ਦੇ ਕਿਰਾਏ 'ਤੇ ਟੈਕਸ ਦਰਾਂ 'ਚ ਕੀਤੀ ਗਈ ਕਮੀ ਨਾਲ ਬਾਜ਼ਾਰ 'ਚ ਸੋਮਵਾਰ ਵੀ ਉਤਸ਼ਾਹ ਜਾਰੀ ਰਿਹਾ। ਸੈਂਸੈਕਸ ਨੇ ਕਾਰੋਬਾਰ ਦੌਰਾਨ 1,426 ਅੰਕ ਦਾ ਉਛਾਲ ਦਰਜ ਕੀਤਾ ਤੇ ਕਾਰੋਬਾਰ ਦੇ ਅਖੀਰ 'ਚ ਪਿਛਲੇ ਕਾਰੋਬਾਰੀ ਦਿਨ ਦੇ ਬੰਦ ਪੱਧਰ 38,014.62 ਤੋਂ 1075 ਅੰਕ ਵੱਧ ਕੇ 39,090.03 'ਤੇ ਬੰਦ ਹੋਇਆ।

 

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 326 ਅੰਕ ਚੜ੍ਹ ਕੇ 11,600.20 ਦੇ ਪੱਧਰ 'ਤੇ ਬੰਦ ਹੋਇਆ। ਬੀ. ਐੱਸ. ਈ. ਮਿਡ ਕੈਪ 'ਚ 400 ਅੰਕ ਤੋਂ ਵੱਧ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 1600 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.04 ਦੇ ਪੱਧਰ 'ਤੇ ਖੁੱਲ੍ਹਾ। ਪਿਛਲੇ ਦਿਨ ਇਹ 70.94 ਦੇ ਪੱਧਰ 'ਤੇ ਬੰਦ ਹੋਇਆ ਸੀ।

ਗਲੋਬਲ ਬਾਜ਼ਾਰ

PunjabKesari
ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ ਠੰਡਾ ਰਿਹਾ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 30 ਅੰਕ ਯਾਨੀ 1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਜਪਾਨ ਦੇ ਬਾਜ਼ਾਰ ਨਿੱਕੇਈ 'ਚ ਛੁੱਟੀ ਹੈ। ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 213 ਅੰਕ ਯਾਨੀ 0.8 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 264 ਅੰਕ ਯਾਨੀ 2.33 ਫੀਸਦੀ ਵੱਧ ਕੇ 11,604 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਸਪਾਟ 2,091 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.52 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਵਿਦੇਸ਼ੀ ਬਾਜ਼ਾਰਾਂ ਦੀ ਨਜ਼ਰ ਅਮਰੀਕਾ-ਚੀਨ ਵਿਚਕਾਰ ਵਪਾਰ ਵਿਵਾਦ ਨੂੰ ਲੈ ਕੇ ਹੋਣ ਵਾਲੀ ਗੱਲਬਾਤ 'ਤੇ ਹੈ। ਪਿਛਲੀ ਦਿਨੀਂ ਚੀਨੀ ਵਫਦ ਦੀ ਯੂ. ਐੱਸ. ਦੀ ਯਾਤਰਾ ਰੱਦ ਹੋਣ ਕਾਰਨ ਨਿਵੇਸ਼ਕ ਨੂੰ ਇਨ੍ਹਾਂ ਦੋਹਾਂ ਆਰਥਿਕ ਤਾਕਤਾਂ ਵਿਚਕਾਰ ਜਲਦ ਕੋਈ ਡੀਲ ਹੋਣ ਦੀ ਸੰਭਾਵਨਾ ਨਹੀਂ ਲੱਗ ਰਹੀ ਹੈ, ਜਿਸ ਕਾਰਨ ਗਲੋਬਲ ਬਾਜ਼ਾਰ 'ਚ ਉਨ੍ਹਾਂ ਦਾ ਰਿਸਪਾਂਸ ਫਿੱਕਾ ਰਿਹਾ।


Related News