SEBI ਨੇ ਡੀਮੈਟ ਖ਼ਾਤਿਆਂ ਨੂੰ ਲੈ ਜਾਰੀ ਕੀਤਾ ਸਰਕੂਲਰ, ਨਵੀਂ ਵਿਵਸਥਾ 14 ਨਵੰਬਰ ਤੋਂ ਹੋਵੇਗੀ ਲਾਜ਼ਮੀ

Saturday, Aug 20, 2022 - 03:38 PM (IST)

ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ਰੈਗੂਲੇਟਰ ਸੇਬੀ ਨੇ ਨਿਵੇਸ਼ਕਾਂ ਲਈ ਵਿਕਰੀ ਸੌਦਿਆਂ ਨੂੰ ਲੈ ਕੇ ਆਪਣੇ ਡੀਮੈਟ ਖਾਤਿਆਂ ’ਚ ਸਕਿਓਰਿਟੀਜ਼ ਰੋਕਣ ਯਾਨੀ ‘ਬਲਾਕ’ ਕਰਨ ਦੀ ਵਿਵਸਥਾ ਨੂੰ ਲਾਜ਼ਮੀ ਕਰ ਦਿੱਤਾ। ਫਿਲਹਾਲ ਨਿਵੇਸ਼ਕਾਂ ਲਈ ਇਹ ਸਹੂਲਤ ਬਦਲ ਵਜੋਂ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਸਰਕੂਲਰ ’ਚ ਕਿਹਾ ਕਿ ਵਿਕਰੀ ਸੌਦਾ ਕਰਨ ਵਾਲੇ ਨਿਵੇਸ਼ਕਾਂ ਦੇ ਡੀਮੈਟ ਖਾਤਿਆਂ (ਸਕਿਓਰਿਟੀਜ਼ ਅਤੇ ਸ਼ੇਅਰਾਂ ਨੂੰ ਇਲੈਕਟ੍ਰਾਨਿਕ ਤੌਰ ’ਤੇ ਰੱਖਣ ਦਾ ਖਾਤਾ) ਵਿਚ ‘ਬਲਾਕ’ ਵਿਵਸਥਾ 14 ਨਵੰਬਰ ਤੋਂ ਲਾਜ਼ਮੀ ਹੋ ਜਾਏਗੀ। ਇਸ ਵਿਵਸਥਾ ਦੇ ਤਹਿਤ ਵਿਕਰੀ ਸੌਦਾ ਕਰਨ ਦੇ ਇਛੁੱਕ ਨਿਵੇਸ਼ਕਾਂ ਦੇ ਸ਼ੇਅਰਾਂ ਨੂੰ ਸਬੰਧਤ ਕਲੀਅਰਿੰਗ ਨਿਗਮ ਦੇ ਪੱਖ ’ਚ ਉਸ ਦੇ ਡੀਮੈਟ ਖਾਤੇ ’ਚ ਬਲਾਕ ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਰੈਗੂਲੇਟਰ ਨੇ ਜੁਲਾਈ ’ਚ ‘ਬਲਾਕ’ ਵਿਵਸਥਾ ਲਿਆਉਣ ਦਾ ਫੈਸਲਾ ਕੀਤਾ ਸੀ। ਇਸ ਦੇ ਤਹਿਤ ਇਕ ਅਗਸਤ ਤੋਂ ਨਿਵੇਸ਼ਕਾਂ ਕੋਲ ਇਹ ਬਦਲ ਹੁੰਦਾ ਕਿ ਉਹ ਇਕ ਵਿਕਰੀ ਸੌਦੇ ਲਈ ਆਪਣੇ ਡੀਮੈਟ ਖਾਤਿਆਂ ’ਚ ਸਕਿਓਰਿਟੀਜ਼ ਨੂੰ ਰੋਕ ਸਕਦੇ ਹਨ। ਨਿਵੇਸ਼ਕਾਂ ਲਈ ਸ਼ੁਰੂਆਤੀ ਭੁਗਤਾਨ ਤਕਨੀਕ ਦਾ ਬਦਲ ਵੀ ਮੁਹੱਈਆ ਹੈ।


Harinder Kaur

Content Editor

Related News