SEBI ਦਾ ਖੁਲਾਸਾ : ਇਕਵਿਟੀ ਕੈਸ਼ ਸੈਗਮੈਂਟ ’ਚ ਹਰ 10 ’ਚੋਂ 7 ਇੰਡੀਵਿਜ਼ੂਅਲ ਇੰਟਰਾਡੇ ਟਰੇਡਰਸ ਨੂੰ ਹੋਇਆ ਘਾਟਾ

Thursday, Jul 25, 2024 - 01:51 PM (IST)

ਨਵੀਂ ਦਿੱਲੀ (ਭਾਸ਼ਾ) - ਮਾਰਕੀਟ ਰੈਗੂਲੇਟਰੀ ਸੇਬੀ ਵੱਲੋਂ ਇਕ ਸਟੱਡੀ ’ਚ ਦੱਸਿਆ ਗਿਆ ਹੈ ਕਿ ਇਕਵਿਟੀ ਕੈਸ਼ ਸੈਗਮੈਂਟ ’ਚ 10 ’ਚੋਂ 7 ਨਿੱਜੀ ਇੰਟਰਾਡੇ ਟਰੇਡਰਸ ਨੂੰ ਵਿੱਤੀ ਸਾਲ 2022-23 ’ਚ ਘਾਟਾ ਹੋਇਆ। ਇਸ ਸਟੱਡੀ ’ਚ ਵਿੱਤੀ ਸਾਲ 2018-19 ਦੀ ਤੁਲਣਾ ’ਚ 2022-23 ’ਚ ਇਕਵਿਟੀ ਕੈਸ਼ ਸੈਗਮੈਂਟ ’ਚ ਇੰਟਰਾਡੇ ਟਰੇਡਿੰਗ ’ਚ ਭਾਗ ਲੈਣ ਵਾਲੇ ਵਿਅਕਤੀਆਂ ਦੀ ਗਿਣਤੀ ’ਚ 300 ਫੀਸਦੀ ਤੋਂ ਜ਼ਿਆਦਾ ਦੇ ਤੇਜ਼ ਵਾਧੇ ’ਤੇ ਫੋਕਸ ਕੀਤਾ ਗਿਆ।

ਖਾਸ ਗੱਲ ਇਹ ਹੈ ਕਿ ਘਾਟੇ ’ਚ ਰਹਿਣ ਵਾਲਿਆਂ ਵੱਲੋਂ ਕੀਤੇ ਟਰੇਡਾਂ ਦੀ ਔਸਤ ਗਿਣਤੀ ਲਾਭ ਕਮਾਉਣ ਵਾਲਿਆਂ ਦੀ ਤੁਲਣਾ ’ਚ ਜ਼ਿਆਦਾ ਸੀ।

ਬੁੱਧਵਾਰ ਨੂੰ ਸੇਬੀ ਵੱਲੋਂ ਜਾਰੀ ਸਟੱਡੀ ਮੁਤਾਬਕ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇੰਟਰਾਡੇ ਟਰੇਡਰਸ ਦੀ ਹਿੱਸੇਦਾਰੀ ਇਸ ਮਿਆਦ ’ਚ ਕਾਫੀ ਵੱਧ ਗਈ ਹੈ। ਸੇਬੀ ਨੇ ਇਕਵਿਟੀ ਕੈਸ਼ ਸੈਗਮੈਂਟ ’ਚ ਵਿਅਕਤੀਆਂ ਵੱਲੋਂ ਇੰਟਰਾਡੇ ਟਰੇਡਿੰਗ ’ਚ ਭਾਈਵਾਲੀ ਅਤੇ ਲਾਭ ਤੇ ਨੁਕਸਾਨ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਲਈ ਇਕ ਅਧਿਐਨ ਕੀਤਾ ਹੈ।

ਇਸ ਨੇ ਮਹਾਮਾਰੀ ਤੋਂ ਪਹਿਲਾਂ ਅਤੇ ਬਾਅਦ ਦੇ ਰੁਝਾਨਾਂ ਦਾ ਮੁਕਾਬਲਤਨ ਵਿਸ਼ਲੇਸ਼ਣ ਕਰਨ ਲਈ ਵਿੱਤੀ ਸਾਲ 2018-19, ਵਿੱਤੀ ਸਾਲ 2021-22 ਅਤੇ ਵਿੱਤੀ ਸਾਲ 2022-23 ਦੀ ਮਿਆਦ ਨੂੰ ਕਵਰ ਕੀਤਾ ।

ਲੱਗਭਗ 3 ’ਚੋਂ 1 ਵਿਅਕਤੀ ਇੰਟਰਾਡੇ ਟਰੇਡ ਕਰਦੈ

ਟਾਪ-10 ਸਟਾਕ ਬ੍ਰੋਕਰਸ ਦੇ ਨਿੱਜੀ ਗਾਹਕਾਂ ਦੇ ਨਮੂਨੇ ’ਤੇ ਆਧਾਰਿਤ ਅਧਿਐਨ, ਜੋ 2022-23 ਦੌਰਾਨ ਇਕਵਿਟੀ ਕੈਸ਼ ਸੈਗਮੈਂਟ ’ਚ ਨਿੱਜੀ ਗਾਹਕਾਂ ਦੀ ਗਿਣਤੀ ਦਾ ਲੱਗਭਗ 86 ਫੀਸਦੀ ਹੈ, ਦੀ ਅਕਾਦਮਿਕ, ਬ੍ਰੋਕਰਸ ਅਤੇ ਬਾਜ਼ਾਰ ਮਾਹਿਰਾਂ ਦੀ ਤਰਜਮਾਨੀ ਵਾਲੇ ਇਕ ਕਾਰਜ ਸਮੂਹ ਵੱਲੋਂ ਸਹਿਕਰਮੀ ਸਮੀਖਿਆ ਕੀਤੀ ਗਈ ਹੈ।

ਆਪਣੇ ਅਧਿਐਨ ’ਚ ਸੇਬੀ ਨੇ ਪਾਇਆ ਕਿ ਇਕਵਿਟੀ ਕੈਸ਼ ਸੈਗਮੈਂਟ ’ਚ ਵਪਾਰ ਕਰਨ ਵਾਲੇ ਲੱਗਭਗ 3 ’ਚੋਂ 1 ਵਿਅਕਤੀ ਇੰਟਰਾਡੇ ਟਰੇਡ ਕਰਦਾ ਹੈ। ਨਾਲ ਹੀ, 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇੰਟਰਾਡੇ ਟਰੇਡਰਸ ਦੀ ਹਿੱਸੇਦਾਰੀ 2018-19 ’ਚ 18 ਫੀਸਦੀ ਦੀ ਤੁਲਣਾ ’ਚ 2022-23 ’ਚ ਵਧ ਕੇ 48 ਫੀਸਦੀ ਹੋ ਗਈ ਹੈ।

71 ਫੀਸਦੀ ਨੂੰ ਸ਼ੁੱਧ ਘਾਟਾ ਹੋਇਆ

ਅਧਿਐਨ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ’ਚ ਇਕਵਿਟੀ ਕੈਸ਼ ਸੈਗਮੈਂਟ ’ਚ 10 ’ਚੋਂ 7 ਨਿੱਜੀ ਇੰਟਰਾਡੇ ਟਰੇਡਰਸ ਜਾਂ 71 ਫੀਸਦੀ ਨੂੰ ਸ਼ੁੱਧ ਘਾਟਾ ਹੋਇਆ ਹੈ। ਨਾਲ ਹੀ, ਬਹੁਤ ਵਾਰ (ਇਕ ਸਾਲ ’ਚ 500 ਤੋਂ ਜ਼ਿਆਦਾ ਟਰੇਡ) ਟਰੇਡਿੰਗ ਗਤੀਵਿਧੀ ਕਰਨ ਵਾਲੇ ਟਰੇਡਰਸ ਲਈ ਘਾਟੇ ’ਚ ਰਹਿਣ ਵਾਲਿਆਂ ਦਾ ਅਨੁਪਾਤ ਵਧ ਕੇ 80 ਫੀਸਦੀ ਹੋ ਗਿਆ।

ਟਰੇਡਿੰਗ ਘਾਟੇ ਤੋਂ ਇਲਾਵਾ ਘਾਟੇ ’ਚ ਰਹਿਣ ਵਾਲਿਆਂ ਨੇ 2022-23 ’ਚ ਆਪਣੇ ਟਰੇਡਿੰਗ ਘਾਟੇ ਦਾ ਵਾਧੂ 57 ਫੀਸਦੀ ਟਰੇਡਿੰਗ ਲਾਗਤ ਦੇ ਰੂਪ ’ਚ ਖਰਚ ਕੀਤਾ, ਜਦੋਂਕਿ ਲਾਭ ਕਮਾਉਣ ਵਾਲਿਆਂ ਨੇ ਆਪਣੇ ਟਰੇਡਿੰਗ ਮੁਨਾਫੇ ਦਾ 19 ਫੀਸਦੀ ਟਰੇਡਿੰਗ ਲਾਗਤ ਦੇ ਰੂਪ ’ਚ ਖਰਚ ਕੀਤਾ। ਇਸ ਤੋਂ ਇਲਾਵਾ ਦੂਜੇ ਉਮਰ ਸਮੂਹਾਂ ਦੀ ਤੁਲਣਾ ’ਚ 2022-23 ’ਚ ਨੌਜਵਾਨ ਟਰੇਡਰਸ ’ਚ ਘਾਟੇ ’ਚ ਰਹਿਣ ਵਾਲਿਆਂ ਦਾ ਫੀਸਦੀ 76 ਫੀਸਦੀ ਜ਼ਿਆਦਾ ਸੀ।


Harinder Kaur

Content Editor

Related News