ਚੰਡੀਗੜ੍ਹ ’ਚ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 7 ਮੁਲਜ਼ਮ ਗ੍ਰਿਫ਼ਤਾਰ

Monday, Sep 02, 2024 - 11:46 AM (IST)

ਚੰਡੀਗੜ੍ਹ ’ਚ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ 7 ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ (ਨਵਿੰਦਰ) : ਚੰਡੀਗੜ੍ਹ ਪੁਲਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਸੈਕਟਰ-37 ’ਚ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗੈਂਗ ਮੈਂਬਰਾਂ ਦੇ ਕਬਜ਼ੇ ’ਚੋਂ ਤਿੰਨ ਪਹੀਆ ਵਾਹਨ, 2 ਕਾਰਤੂਸ, ਦੋ ਕਮਾਨੀਦਾਰ ਚਾਕੂ, ਕਿਰਪਾਨ (ਤਲਵਾਰ) ਦੋ ਸੱਬਲਾਂ ਤੇ ਪਾਈਪ ਤੋਂ ਇਲਾਵਾ ਦੇਸੀ ਕੱਟਾ ਬਰਾਮਦ ਕੀਤਾ ਹੈ। 31 ਅਗਸਤ ਨੂੰ ਐੱਸ. ਆਈ. ਰਾਮਦੀਆ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ।

ਗਸ਼ਤ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਪਹਿਲਾਂ ਵੀ ਚੋਰੀ ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 7 ਵਿਅਕਤੀ ਸੈਕਟਰ-37 ਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਉਕਤ ਗੈਂਗ ਮੈਂਬਰ ਮੋਹਾਲੀ ਨੰਬਰ ਦੇ ਆਟੋ ’ਚ ਰੈਲੀ ਗਰਾਊਂਡ ਸੈਕਟਰ-25 ਦੇ ਪਿਛਲੇ ਪਾਸੇ ਵਾਲੀ ਸੜਕ ’ਤੇ ਬੈਠੇ ਸਨ। ਸੂਚਨਾ ਮਿਲਦੇ ਹੀ ਐੱਸ. ਆਈ. ਰਾਮਦੀਆ ਨੇ ਪੁਲਸ ਪਾਰਟੀ ਸਮੇਤ ਸਬੰਧਿਤ ਸਥਾਨ ’ਤੇ ਛਾਪੇਮਾਰੀ ਕੀਤੀ।

ਛਾਪੇਮਾਰੀ ਦੌਰਾਨ ਪੁਲਸ ਟੀਮ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਰਣਜੀਤ ਸਿੰਘ (26) ਵਾਸੀ ਨੇੜੇ ਸਰਵਿਸ ਸਟੇਸ਼ਨ ਸਿੰਘਾ ਦੇਵੀ ਕਾਲੋਨੀ ਨਵਾਂਗਾਓਂ, ਪਵਨ ਉਰਫ਼ ਮੋਟਾ (25) ਵਾਸੀ ਮੁਹੱਲਾ ਨੰਬਰ-301, ਨੇੜੇ ਗੁਰਦੁਆਰਾ ਛੋਟੀ ਕਰੋਰ ਮੋਹਾਲੀ, ਬੀਰ ਪਾਲ (30) ਵਾਸੀ ਕੱਚੀ ਕਾਲੋਨੀ ਧਨਾਸ ਚੰਡੀਗੜ੍ਹ , ਰਵਿੰਦਰ ਉਰਫ਼ ਰਵੀ (33) ਵਾਸੀ ਸਿੰਘਾ ਦੇਵੀ ਕਾਲੋਨੀ ਨਵਾਂਗਾਓਂ ਮੋਹਾਲੀ, ਗੁਰਪ੍ਰੀਤ ਸਿੰਘ ਉਰਫ਼ ਗੋਰਾ (28) ਵਾਸੀ ਨੇੜੇ ਗੁਰਦੁਆਰਾ ਛੋਟੀ ਕਰੌਰ ਮੋਹਾਲੀ, ਦਿਨੇਸ਼ ਪਾਲ (22) ਵਾਸੀ ਫੋਰੈਸਟ ਹਿੱਲ ਫਾਰਮ ਛੋਟੀ ਕਰੋਰ ਮੋਹਾਲੀ, ਧਰਮਬੀਰ ਉਰਫ਼ ਧਰਮੂ (24) ਵਾਸੀ ਨੇੜੇ ਨਵਾਂ ਪੁਲ ਸਿੰਘਾ ਦੇਵੀ ਕਾਲੋਨੀ ਨਵਾਂਗਾਓਂ ਮੋਹਾਲੀ ਵਜੋਂ ਹੋਈ ਹੈ।

ਜਾਂਚ ’ਚ ਸਾਹਮਣੇ ਆਇਆ ਹੈ ਕਿ ਸੱਤੇ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਵੱਖ-ਵੱਖ ਸੈਕਟਰਾਂ ’ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਚੋਰੀ ਤੇ ਲੁੱਟੇ ਹੋਏ ਸਾਮਾਨ ਨੂੰ ਟ੍ਰਾਈਸਿਟੀ ’ਚ ਬੈਠੇ ਕਬਾੜੀਆਂ ਨੂੰ ਵੇਚਦੇ ਸਨ। ਚੋਰੀ ਤੇ ਲੁੱਟੇ ਹੋਏ ਸਮਾਨ ਤੋਂ ਕਮਾਏ ਹੋਏ ਪੈਸਿਆਂ ਤੋਂ ਫਿਰ ਉਹ ਨਸ਼ੇ ਦੀ ਖ਼ਰੀਦਦਾਰੀ ਕਰਦੇ ਸਨ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।


author

Babita

Content Editor

Related News