SBI 'ਚ ਹੈ ਬਚਤ ਖਾਤਾ, ਤਾਂ ਨਵੰਬਰ ਤੋਂ ਹੋਰ ਵੀ ਘੱਟ ਮਿਲੇਗਾ ਵਿਆਜ

10/16/2019 10:59:47 AM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਖਾਤਾ ਧਾਰਕਾਂ ਨੂੰ ਤਕੜਾ ਝਟਕਾ ਲੱਗਣ ਵਾਲਾ ਹੈ। ਬੈਂਕ ਪਹਿਲੀ ਨਵੰਬਰ ਤੋਂ ਬਚਤ ਖਾਤੇ (Savings Account) 'ਤੇ ਵਿਆਜ ਦਰ ਘਟਾਉਣ ਜਾ ਰਿਹਾ ਹੈ। ਨਵੰਬਰ ਤੋਂ 1 ਲੱਖ ਰੁਪਏ ਤਕ ਦੇ ਬੈਲੰਸ ਵਾਲੇ ਬਚਤ ਖਾਤਾ ਧਾਰਕਾਂ ਨੂੰ 3.25 ਫੀਸਦੀ ਵਿਆਜ ਮਿਲੇਗਾ, ਜੋ ਹੁਣ ਤਕ 3.50 ਫੀਸਦੀ ਮਿਲ ਰਿਹਾ ਹੈ, ਯਾਨੀ ਇਨ੍ਹਾਂ ਬਚਤ ਖਾਤਿਆਂ 'ਤੇ ਵਿਆਜ ਦਰ 0.25 ਫੀਸਦੀ ਘੱਟ ਹੋ ਜਾਵੇਗੀ। ਉੱਥੇ ਹੀ, ਭਾਰਤੀ ਸਟੇਟ ਬੈਂਕ ਦੇ ਜਿਨ੍ਹਾਂ ਖਾਤਾ ਧਾਰਕਾਂ ਦੇ ਬਚਤ ਖਾਤੇ 'ਚ ਬੈਲੰਸ ਇਕ ਲੱਖ ਰੁਪਏ ਤੋਂ ਉੱਪਰ ਹੈ ਉਨ੍ਹਾਂ ਨੂੰ ਸਿਰਫ 3 ਫੀਸਦੀ ਹੀ ਇੰਟਰਸਟ ਰੇਟ ਦਿੱਤਾ ਜਾ ਰਿਹਾ ਹੈ।

 

 

ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ ਵੀ ਲਾਗੂ ਕਰ ਦਿੱਤੀ ਹੈ, ਜੋ ਉਸ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪਹਿਲਾਂ ਮਾਫ ਕਰ ਦਿੱਤੀ ਸੀ।
ਪ੍ਰੋਸੈਸਿੰਗ ਫੀਸ ਇਕ ਵਨ ਟਾਈਮ ਫੀਸ ਹੈ। ਬੈਂਕਾਂ ਵੱਲੋਂ ਇਹ ਫੀਸ ਲੋਨ ਸੰਬੰਧੀ ਖਰਚ ਨੂੰ ਕਵਰ ਕਰਨ ਵਾਸਤੇ ਲਈ ਜਾਂਦੀ ਹੈ, ਜਿਸ 'ਚ ਦਸਤਾਵੇਜ਼ੀ ਅਤੇ ਗਾਹਕ ਦੀ ਵੈਰੀਫਿਕੇਸ਼ਨ ਵਰਗੇ ਖਰਚ ਸ਼ਾਮਲ ਹੁੰਦੇ ਹਨ। ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ ਮੁਤਾਬਕ, ਐੱਸ. ਬੀ. ਆਈ. ਲੋਨ ਰਾਸ਼ੀ 'ਤੇ 0.35 ਫੀਸਦੀ ਪ੍ਰੋਸੈਸਿੰਗ ਫੀਸ ਚਾਰਜ ਕਰਦਾ ਹੈ, ਜੋ ਘੱਟੋ-ਘੱਟ 2,000 ਤੇ ਵੱਧ ਤੋਂ ਵੱਧ 10,000 ਰੁਪਏ ਹੋ ਸਕਦੀ ਹੈ।

ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ 'ਚ ਕੀਤੀ ਗਈ ਕਟੌਤੀ ਨਾਲ ਇੰਟਰਸਟ ਇਨਕਮ ਘੱਟ ਹੋਣ ਦੇ ਡਰ ਕਾਰਨ ਐੱਸ. ਬੀ. ਆਈ. ਨੇ ਪ੍ਰੋਸੈਸਿੰਗ ਫੀਸ ਦੁਬਾਰਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਸਾਲ ਨੀਤੀਗਤ ਦਰਾਂ 'ਚ ਕੁੱਲ ਮਿਲਾ ਕੇ 1.35 ਫੀਸਦੀ ਦੀ ਕਮੀ ਕੀਤੀ ਹੈ, ਜਿਸ ਕਾਰਨ ਬੈਂਕਾਂ ਨੂੰ ਵੀ ਲੋਨ ਦਰਾਂ 'ਚ ਕਟੌਤੀ ਕਰਨੀ ਪਈ ਹੈ। ਲਿਹਾਜਾ ਬੈਂਕਾਂ ਨੂੰ ਇੰਟਰਸਟ ਇਨਕਮ ਘਟਣ ਦਾ ਖਦਸ਼ਾ ਹੈ। ਇਸ ਲਈ ਬੈਂਕ ਲੋਨ ਸਸਤੇ ਕਰਨ ਦੇ ਨਾਲ-ਨਾਲ ਐੱਫ. ਡੀ. ਦਰਾਂ 'ਚ ਵੀ ਕਮੀ ਕਰ ਰਹੇ ਹਨ, ਤਾਂ ਜੋ ਇਨਕਮ ਨੂੰ ਸੰਤੁਲਿਤ ਕੀਤਾ ਜਾ ਸਕੇ।


Related News