SBI ਗਾਹਕਾਂ ਨੂੰ ਝਟਕਾ, ਹੋਮ ਲੋਨ ਲਈ ਹੁਣ ਇੰਨਾ ਲੱਗੇਗਾ ਚਾਰਜ

10/15/2019 3:44:47 PM

ਨਵੀਂ ਦਿੱਲੀ—  ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ ਦੀ ਪ੍ਰੋਸੈਸਿੰਗ ਫੀਸ ਲਾਗੂ ਕਰ ਦਿੱਤੀ ਹੈ, ਜੋ ਉਸ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪਹਿਲਾਂ ਖਤਮ ਕਰ ਦਿੱਤੀ ਸੀ। ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ 'ਚ ਕੀਤੀ ਗਈ ਕਟੌਤੀ ਨਾਲ ਇੰਟਰਸਟ ਇਨਕਮ ਘੱਟ ਹੋਣ ਦੇ ਡਰ ਕਾਰਨ ਐੱਸ. ਬੀ. ਆਈ. ਨੇ ਇਹ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਸਾਲ ਨੀਤੀਗਤ ਦਰਾਂ 'ਚ ਕੁੱਲ ਮਿਲਾ ਕੇ 1.35 ਫੀਸਦੀ ਦੀ ਕਮੀ ਕੀਤੀ ਹੈ, ਜਿਸ ਕਾਰਨ ਬੈਂਕਾਂ ਨੂੰ ਵੀ ਲੋਨ ਦਰਾਂ 'ਚ ਕਟੌਤੀ ਕਰਨੀ ਪਈ ਹੈ, ਲਿਹਾਜਾ ਬੈਂਕਾਂ ਦੀ ਵਿਆਜ ਆਮਦਨ ਘਟਣ ਦਾ ਖਦਸ਼ਾ ਹੈ। ਇਸ ਲਈ ਬੈਂਕ ਲੋਨ ਸਸਤੇ ਕਰਨ ਦੇ ਨਾਲ ਹੀ ਐੱਫ. ਡੀ. ਯਾਨੀ ਫਿਕਸਡ ਡਿਪਾਜ਼ਿਟ ਦਰਾਂ 'ਚ ਵੀ ਕਮੀ ਕਰ ਰਹੇ ਹਨ, ਤਾਂ ਜੋ ਇਨਕਮ ਨੂੰ ਸੰਤੁਲਿਤ ਕੀਤਾ ਜਾ ਸਕੇ।

 

ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਹੋਮ ਲੋਨ ਦੀ ਪ੍ਰੋਸੈਸਿੰਗ ਫੀਸ ਲਾਗੂ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਲੋਨ ਲੈਂਦੇ ਵਕਤ ਇਕ ਫੀਸ ਦਾ ਭੁਗਤਾਨ ਕਰਨਾ ਪਵੇਗਾ। ਹੋਮ ਲੋਨ ਪ੍ਰੋਸੈਸਿੰਗ ਫੀਸ ਇਕ ਵਨ ਟਾਈਮ ਫੀਸ ਹੈ ਜੋ ਬੈਂਕ ਲੋਨ ਪ੍ਰੋਸੈਸਿੰਗ ਲਈ ਲੈਂਦੇ ਹਨ। ਬੈਂਕਾਂ ਵੱਲੋਂ ਇਹ ਫੀਸ ਲੋਨ ਸੰਬੰਧੀ ਖਰਚ ਨੂੰ ਕਵਰ ਕਰਨ ਵਾਸਤੇ ਲਈ ਜਾਂਦੀ ਹੈ, ਜਿਸ 'ਚ ਦਸਤਾਵੇਜ਼ੀ ਤੇ ਗਾਹਕ ਦੀ ਵੈਰੀਫਿਕੇਸ਼ਨ ਵਰਗੇ ਖਰਚ ਸ਼ਾਮਲ ਹੁੰਦੇ ਹਨ।

ਬੇੱਸ਼ਕ ਪ੍ਰੋਸੈਸਿੰਗ ਫੀਸ ਹੋਮ ਲੋਨ ਦੀ ਰਕਮ ਮੁਕਾਬਲੇ ਬਹੁਤ ਛੋਟੀ ਜਿਹੀ ਲੱਗੇ ਪਰ ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਉਦਾਹਰਣ ਦੇ ਤੌਰ 'ਤੇ ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ ਮੁਤਾਬਕ, ਉਹ ਲੋਨ ਰਕਮ ਦਾ 0.35 ਫੀਸਦੀ ਪ੍ਰੋਸੈਸਿੰਗ ਫੀਸ ਦੇ ਤੌਰ 'ਤੇ ਚਾਰਜ ਕਰਦਾ ਹੈ। ਇਹ ਫੀਸ ਘੱਟੋ-ਘੱਟ 2,000 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 10,000 ਰੁਪਏ ਤਕ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਇਸ ਦਾ ਗਾਹਕ ਦੀ ਜੇਬ 'ਤੇ ਫਰਕ ਤਾਂ ਪੈਂਦਾ ਹੈ। ਉੱਥੇ ਹੀ, ਐੱਚ. ਡੀ. ਐੱਫ. ਸੀ. ਲੋਨ ਰਕਮ ਦਾ 0.5 ਫੀਸਦੀ ਚਾਰਜ ਕਰਦਾ ਹੈ। ਕਿਸੇ ਮਾਮਲੇ 'ਚ ਬੈਂਕਾਂ ਤੇ ਹੋਰ ਵਿੱਤੀ ਸੰਸਥਾਨਾਂ 'ਚ ਪ੍ਰੋਸੈਸਿੰਗ ਫੀਸ 2 ਫੀਸਦੀ ਤਕ ਵੀ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਵੱਡੀ ਰਕਮ ਦੇ ਹੋਮ ਲੋਨ 'ਤੇ ਉੱਚੀ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ।


Related News