SBI ਦਾ ਝਟਕਾ, ਕਾਰ ਤੇ ਹੋਮ ਲੋਨ ਹੋਇਆ ਮਹਿੰਗਾ
Thursday, Mar 01, 2018 - 01:12 PM (IST)
ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਐੱਫ. ਡੀ. (ਫਿਕਸਡ ਡਿਪਾਜ਼ਿਟ) 'ਤੇ ਵਿਆਜ ਦਰਾਂ ਵਧਾ ਕੇ ਰਾਹਤ ਦੇਣ ਦੇ ਬਾਅਦ ਲੋਕਾਂ ਨੂੰ ਇਕ ਝਟਕਾ ਦੇ ਦਿੱਤਾ ਹੈ। ਐੱਸ. ਬੀ. ਆਈ. ਨੇ ਲੋਨ 0.25 ਫੀਸਦੀ ਤਕ ਮਹਿੰਗਾ ਕਰ ਦਿੱਤਾ ਹੈ। ਹੁਣ ਐੱਮ. ਸੀ. ਐੱਲ. ਆਰ. ਆਧਾਰਿਤ ਤਿੰਨ ਸਾਲ ਦਾ ਲੋਨ (ਕਰਜ਼) 8.35 ਫੀਸਦੀ ਦੀ ਦਰ 'ਤੇ ਮਿਲੇਗਾ, ਜੋ ਪਹਿਲਾਂ 8.10 ਫੀਸਦੀ 'ਤੇ ਮਿਲ ਰਿਹਾ ਸੀ। ਅਜਿਹੇ 'ਚ ਹੋਮ ਲੋਨ ਤੋਂ ਲੈ ਕੇ ਕਾਰ ਲੋਨ ਤਕ ਮਹਿੰਗੇ ਹੋ ਜਾਣਗੇ। ਬੈਂਕ ਦੇ ਨਵੇਂ ਲੋਨ ਰੇਟ 1 ਮਾਰਚ 2018 ਤੋਂ ਲਾਗੂ ਹੋ ਗਏ ਹਨ।
ਭਾਰਤੀ ਸਟੇਟ ਬੈਂਕ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਵਜ੍ਹਾ ਨਾਲ ਹੋਮ ਲੋਨ, ਕਾਰ ਲੋਨ, ਦੋ-ਪਹੀਆ ਲੋਨ ਆਦਿ ਦੀ ਈ. ਐੱਮ. ਆਈ. ਯਾਨੀ ਕਿਸ਼ਤ 'ਚ ਵਾਧਾ ਹੋ ਜਾਵੇਗਾ। 6 ਮਹੀਨੇ ਦਾ ਐੱਮ. ਸੀ. ਐੱਲ. ਆਰ. 7.90 ਫੀਸਦੀ ਤੋਂ ਵਧਾ ਕੇ 8 ਫੀਸਦੀ ਕੀਤਾ ਗਿਆ ਹੈ। ਉੱਥੇ ਹੀ, ਇਕ ਸਾਲ ਦਾ ਲੋਨ 7.95 ਫੀਸਦੀ ਤੋਂ ਵਧ ਕੇ 8.15 ਫੀਸਦੀ ਹੋ ਗਿਆ ਹੈ। ਜਦੋਂ ਕਿ 2 ਸਾਲ ਦੀ ਮਿਆਦ ਵਾਲਾ ਲੋਨ ਹੁਣ 8.25 ਫੀਸਦੀ ਦੇ ਵਿਆਜ 'ਤੇ ਮਿਲੇਗਾ, ਜੋ ਪਹਿਲਾਂ 8.05 ਫੀਸਦੀ 'ਤੇ ਮਿਲਦਾ ਸੀ।
ਕਿਨ੍ਹਾਂ 'ਤੇ ਹੋਵੇਗਾ ਤੁਰੰਤ ਅਸਰ
ਜਿਹੜੇ ਵੀ ਨਵੇਂ ਗਾਹਕ ਬੈਂਕ ਤੋਂ ਕਰਜ਼ਾ ਲੈਣ ਜਾਣਗੇ, ਉਨ੍ਹਾਂ ਨੂੰ ਹੁਣ ਕਰਜ਼ਾ ਮਹਿੰਗਾ ਮਿਲੇਗਾ। ਇਸ ਦੇ ਇਲਾਵਾ ਜਿਨ੍ਹਾਂ ਗਾਹਕਾਂ ਦੇ ਲੋਨ ਫਲੋਟਿੰਗ ਰੇਟ 'ਤੇ ਹਨ, ਉਨ੍ਹਾਂ ਦੀ ਕਿਸ਼ਤ ਵਧ ਜਾਵੇਗੀ। ਹਾਲਾਂਕਿ ਜਿਨ੍ਹਾਂ ਲੋਕਾਂ ਨੇ ਇਕ ਸਾਲ, ਦੋ ਸਾਲ ਅਤੇ ਤਿੰਨ ਸਾਲ ਦੇ ਫਿਕਸਡ ਐੱਮ. ਸੀ. ਐੱਲ. ਆਰ. ਰੇਟ 'ਤੇ ਕਰਜ਼ਾ ਲਿਆ ਹੈ, ਉਨ੍ਹਾਂ ਦੀ ਕਿਸ਼ਤ ਤੁਰੰਤ ਨਹੀਂ ਵਧੇਗੀ। ਉੱਥੇ ਹੀ, ਜਿਨ੍ਹਾਂ ਲੋਕਾਂ ਨੇ ਬੇਸ ਰੇਟ 'ਤੇ ਕਰਜ਼ਾ ਲਿਆ ਹੈ, ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਦਾ ਕਾਰਨ ਹੈ ਕਿ ਬੈਂਕ ਨੇ ਸਿਰਫ ਐੱਮ. ਸੀ. ਐੱਲ. ਆਰ. ਦੀ ਦਰ ਵਧਾਈ ਹੈ, ਬੇਸ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
