SBI ਨੇ ਪਾਇਆ 76,600 ਕਰੋਡ਼ ਰੁਪਏ ਦਾ ਕਰਜ਼ਾ ਵੱਟੇ-ਖਾਤੇ!

10/11/2019 10:40:02 AM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ 76,600 ਕਰੋਡ਼ ਰੁਪਏ ਦੇ ਬੈਡ ਲੋਨ ਨੂੰ ਰਾਈਟ ਆਫ ਕਰ ਦਿੱਤਾ ਹੈ, ਯਾਨੀ ਇਸ ਨੂੰ ਵੱਟੇ-ਖਾਤੇ ਪਾ ਦਿੱਤਾ ਹੈ। ਇਹ ਲੋਨ 220 ਲੋਕਾਂ ਨੇ ਲਏ ਸਨ ਜੋ ਹੁਣ ਇਸ ਨੂੰ ਨਹੀਂ ਚੁੱਕਾ ਰਹੇ ਹਨ। ਇਨ੍ਹਾਂ ’ਚੋਂ ਹਰ ਇਕ ’ਤੇ 100 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਲੋਨ ਹੈ। ਇਸ ਗੱਲ ਦਾ ਖੁਲਾਸਾ ਆਰ. ਟੀ. ਆਈ. ਦੇ ਤਹਿਤ ਮਿਲੀ ਜਾਣਕਾਰੀ ਤੋਂ ਹੋਇਆ ਹੈ।

31 ਮਾਰਚ 2019 ਨੂੰ ਐੱਸ. ਬੀ. ਆਈ. 33 ਉਧਾਰ ਲੈਣ ਵਾਲਿਆਂ ਤੋਂ 37,700 ਕਰੋਡ਼ ਰੁਪਏ ਰਿਕਵਰ ਨਹੀਂ ਕਰ ਸਕਿਆ। ਇਨ੍ਹਾਂ ’ਚੋਂ ਹਰ ਇਕ ਉਧਾਰ ਲੈਣ ਵਾਲਿਆਂ ’ਤੇ 500 ਕਰੋਡ਼ ਜਾਂ ਇਸ ਤੋਂ ਜ਼ਿਆਦਾ ਦਾ ਲੋਨ ਸੀ। ਖਬਰ ਅਨੁਸਾਰ ਬੈਂਕ ਨੇ ਆਪਣੇ ਬੈਡ ਲੋਨ ਨੂੰ 100 ਕਰੋਡ਼ ਤੋਂ ਜ਼ਿਆਦਾ ਅਤੇ 500 ਕਰੋਡ਼ ਤੋਂ ਜ਼ਿਆਦਾ ਕੈਟਾਗਰੀ ਦੇ 2 ਗਰੁੱਪਾਂ ’ਚ ਵੰਡਿਆ।

ਬੈਂਕ ਵੱਲੋਂ 100 ਕਰੋਡ਼ ਤੋਂ ਜ਼ਿਆਦਾ ਲੋਨ ਲੈਣ ਵਾਲਿਆਂ ਦੇ ਕੁਲ 2.75 ਲੱਖ ਕਰੋਡ਼ ਰੁਪਏ ਦੇ ਲੋਨ ਨੂੰ ਰਾਈਟ ਆਫ ਕੀਤਾ ਗਿਆ। ਤਾਜ਼ਾ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਕਿ 500 ਕਰੋਡ਼ ਤੋਂ ਜ਼ਿਆਦਾ ਦਾ ਲੋਨ ਲੈਣ ਵਾਲਿਆਂ ਦੇ 67,600 ਕਰੋਡ਼ ਰੁਪਏ ਦੇ ਲੋਨ ਨੂੰ ਬੈਡ ਡੇਟ ਐਲਾਨਿਆ ਗਿਆ।

PNB ਨੇ ਵੀ 31 ਮਾਰਚ ਨੂੰ 27,024 ਕਰੋਡ਼ ਰੁਪਏ ਦਾ ਲੋਨ ਕੀਤਾ ਸੀ ਰਾਈਟ ਆਫ

ਬੈਡ ਲੋਨ ਨੂੰ ਰਾਈਟ ਆਫ ਕਰਨ ਵਾਲਾ ਐੱਸ. ਬੀ. ਆਈ. ਇਕੋ-ਇਕ ਬੈਂਕ ਨਹੀਂ ਹੈ। 31 ਮਾਰਚ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਵੀ 94 ਉਧਾਰ ਲੈਣ ਵਾਲਿਆਂ ਦੇ 27,024 ਕਰੋਡ਼ ਰੁਪਏ ਨੂੰ ਲੋਨ ਰਾਈਟ ਆਫ ਕੀਤਾ ਸੀ। ਪੀ. ਐੱਨ. ਬੀ. ਨੇ 500 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਲੋਨ ਲੈਣ ਵਾਲੇ 12 ਵੱਡੇ ਡਿਫਾਲਟਰਾਂ ਦਾ 9037 ਕਰੋਡ਼ ਰੁਪਏ ਦਾ ਲੋਨ ਵੀ ਰਾਈਟ ਆਫ ਕੀਤਾ। ਆਮ ਤੌਰ ’ਤੇ ਬੈਂਕ ਵੱਲੋਂ ਜੋ ਲੋਨ ਵਸੂਲ ਨਹੀਂ ਕੀਤਾ ਜਾ ਸਕਦਾ ਹੈ, ਉਸ ਨੂੰ ਰਾਈਟ ਆਫ ਕਰ ਦਿੱਤਾ ਜਾਂਦਾ ਹੈ। ਇਸ ਦਾ ਮਕਸਦ ਬੈਲੇਂਸਸ਼ੀਟ ਨੂੰ ਦਰੁਸਤ ਕਰਨਾ ਹੁੰਦਾ ਹੈ।

ਰਾਈਟ ਆਫ ਕਰਨ ਨਾਲ ਲੋਨ ਵਸੂਲੀ ਦੀ ਪ੍ਰਕਿਰਿਆ ਰੁਕਦੀ ਨਹੀਂ ਹੈ। ਇਸ ’ਚ ਪੈਸਾ ਪਰਤਣ ਦੀ ਉਮੀਦ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਬੈਂਕ ਭਵਿੱਖ ’ਚ ਕਾਨੂੰਨੀ ਤਰੀਕੇ ਨਾਲ ਰਾਈਟ ਆਫ ਕੀਤੇ ਗਏ ਕਰਜ਼ੇ ਦੀ ਵਸੂਲੀ ਲਈ ਆਜ਼ਾਦ ਰਹਿੰਦਾ ਹੈ।

FD ’ਚ ਫਸੇ ਹੋਏ ਹਨ ਸੀਨੀਅਰ ਸਿਟੀਜ਼ਨਾਂ ਦੇ 14 ਲੱਖ ਕਰੋਡ਼!

SBI ਨੇ ਫਿਕਸ ਡਿਪਾਜ਼ਿਟ (ਐੱਫ. ਡੀ.) ’ਤੇ ਵਿਆਜ ਦਰ ’ਚ ਕਟੌਤੀ ਕਰ ਕੇ ਸੀਨੀਅਰ ਸਿਟੀਜ਼ਨਾਂ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਐੱਸ. ਬੀ. ਆਈ. ਨੇ ਲੋਨ ਲਈ ਵਿਆਜ ਦਰਾਂ ’ਚ ਕਮੀ ਕਰਨ ਦੇ ਨਾਲ ਹੀ ਸੀਨੀਅਰ ਸਿਟੀਜ਼ਨਾਂ ਲਈ 1-2 ਸਾਲ ਦੀ ਐੱਫ. ਡੀ. ਦੀ ਵਿਆਜ ਦਰ ’ਚ 0.10 ਫ਼ੀਸਦੀ ਦੀ ਕਮੀ ਕੀਤੀ। ਇਹ ਦਰ 7 ਤੋਂ ਘੱਟ ਹੋ ਕੇ ਹੁਣ 6.9 ਫ਼ੀਸਦੀ ਹੋ ਗਈ ਹੈ।

ਐੱਸ. ਬੀ. ਆਈ. ਦਾ ਕਹਿਣਾ ਹੈ ਕਿ ਵਿਆਜ ਦਰਾਂ ’ਚ ਕਟੌਤੀ ਨਾਲ ਸਿਸਟਮ ’ਚ ਸਰਪਲੱਸ ਲਿਕਵੀਡਿਟੀ ਆਉਣ ਦੀ ਉਮੀਦ ਹੈ। ਐੱਸ. ਬੀ. ਆਈ. ਦੇ ਇਸ ਫੈਸਲੇ ਨਾਲ ਲਗਭਗ 4 ਕਰੋਡ਼ ਸੀਨੀਅਰ ਸਿਟੀਜ਼ਨਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਐੱਸ. ਬੀ. ਆਈ. ਦੀ ਇਕ ਰਿਪੋਰਟ ਅਨੁਸਾਰ ਲਗਭਗ 4.1 ਕਰੋਡ਼ ਸੀਨੀਅਰ ਸਿਟੀਜ਼ਨਾਂ ਦਾ ਖਾਤਾ ਹੋਣ ਦੀ ਗੱਲ ਕਹੀ ਗਈ ਸੀ। ਇਨ੍ਹਾਂ ਖਾਤਿਆਂ ’ਚ 14 ਲੱਖ ਕਰੋਡ਼ ਰੁਪਏ ਜਮ੍ਹਾ ਹੋਣ ਦੀ ਗੱਲ ਵੀ ਰਿਪੋਰਟ ’ਚ ਸੀ।

ਅਜਿਹੇ ’ਚ ਐੱਫ. ਡੀ. ਦੀਆਂ ਵਿਆਜ ਦਰਾਂ ’ਚ ਬਦਲਾਅ ਹੋਣ ਨਾਲ ਇਸ ਜਮ੍ਹਾ ਰਾਸ਼ੀ ’ਤੇ ਸਿੱਧੇ ਤੌਰ ’ਤੇ ਪ੍ਰਭਾਵ ਪਵੇਗਾ। ਇਸ ਨਾਲ ਸੀਨੀਅਰ ਸਿਟੀਜ਼ਨਾਂ ’ਚ ਬੇਚੈਨੀ ਵਧਣਾ ਸੁਭਾਵਕ ਹੈ।


Related News