SBI ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਝਟਕਾ, 1 ਦਸੰਬਰ ਤੋਂ ਮਹਿੰਗੇ ਹੋਣਗੇ EMI ਲੈਣ-ਦੇਣ

Sunday, Nov 14, 2021 - 10:11 AM (IST)

SBI ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਝਟਕਾ, 1 ਦਸੰਬਰ ਤੋਂ ਮਹਿੰਗੇ ਹੋਣਗੇ EMI ਲੈਣ-ਦੇਣ

ਨਵੀਂ ਦਿੱਲੀ - ਜੇ ਤੁਸੀਂ ਵੀ ਐੱਸ. ਬੀ. ਆਈ. ਕ੍ਰੈਡਿਟ ਕਾਰਡ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਦਰਅਸਲ 1 ਦਸੰਬਰ ਤੋਂ ਸਾਰੇ ਈ. ਐੱਮ. ਆਈ. ਖਰੀਦ ਲੈਣ-ਦੇਣ ’ਤੇ 99 ਰੁਪਏ ਦੀ ਪ੍ਰੋਸੈਸਿੰਗ ਫੀਸ ਅਤੇ ਟੈਕਸ ਲਗਾਇਆ ਜਾਵੇਗਾ। ਮੌਜੂਦਾ ਸਮੇਂ ’ਚ ਗਾਹਕਾਂ ਨੂੰ ਕਰਜ਼ਾ ਲੈਣ ’ਤੇ ਪ੍ਰੋਸੈਸਿੰਗ ਫੀਸ ਦੇਣੀ ਹੁੰਦੀ ਹੈ। ਯਾਨੀ ਲੋਨ ਵਾਂਗ ਕ੍ਰੈਡਿਟ ਕਾਰਡ ਦੀ ਟ੍ਰਾਂਜੈਕਸ਼ਨ ’ਤੇ ਵੀ ਪ੍ਰੋਸੈਸਿੰਗ ਫੀਸ ਦੇਣੀ ਹੋਵੇਗੀ।

ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀਆਂ RBI ਦੀਆਂ ਦੋ ਨਵੀਆਂ ਸਕੀਮਾਂ, ਆਮ ਲੋਕਾਂ ਨੂੰ ਮਿਲੇਗਾ ਵੱਡਾ ਲਾਭ

ਐੱਸ. ਬੀ. ਆਈ. ਕਾਰਡ ਵਲੋਂ ਜਾਰੀ ਬਿਆਨ ਮੁਤਾਬਕ ਕ੍ਰੈਡਿਟ ਕਾਰਡ ਰਾਹੀਂ ਮਰਚੈਂਟ ਆਊਟਲੈਟਸ ’ਤੇ ਕੀਤੇ ਗਏ ਸਾਰੇ ਈ. ਐੱਮ. ਆਈ. ਖਰੀਦ ਲੈਣ-ਦੇਣ ਲਈ ਪ੍ਰੋਸੈਸਿੰਗ ਫੀਸ ਲਗਾਈ ਜਾਵੇਗੀ। ਇਸ ਨਾਲ ਗਾਹਕਾਂ ਨੂੰ ‘ਬਾਏ ਨਾਓ ਪੇਅ ਲੇਟਰ’ (ਬੀ. ਐੱਨ. ਪੀ. ਐੱਲ.) ਬਦਲ ਰਾਹੀਂ ਖਰੀਦਦਾਰੀ ਮਹਿੰਗੀ ਹੋ ਸਕਦੀ ਹੈ। ਹੁਣ ਤੱਕ ਗਾਹਕਾਂ ਨੂੰ ਪ੍ਰੋਸੈਸਿੰਗ ਫੀਸ ਦੇਣ ਦੀ ਲੋੜ ਨਹੀਂ ਹੁੰਦੀ ਸੀ।

ਇਹ ਪ੍ਰੋਸੈਸਿੰਗ ਫੀਸ, ਕ੍ਰੈਡਿਟ ਕਾਰਡ ਰਾਹੀਂ ਈ. ਐੱਮ. ਆਈ. ’ਤੇ ਖਰੀਦ ’ਤੇ ਕਾਰਡ ਪ੍ਰੋਵਾਈਡਰ ਵਲੋਂ ਵਸੂਲੀ ਜਾਣ ਵਾਲੀ ਵਿਆਜ ਦੀ ਰਕਮ ਤੋਂ ਇਲਾਵਾ ਹੈ। ਈ. ਐੱਮ. ਆਈ. ਟ੍ਰਾਂਜੈਕਸ਼ਨ ਰੱਦ ਹੋਣ ਦੀ ਸਥਿਤੀ ’ਚ ਪ੍ਰੋਸੈਸਿੰਗ ਫੀਸ ਵਾਪਸ ਕੀਤੀ ਜਾਵੇਗੀ।

ਹੁਣ ਤੱਕ ਕਿਸੇ ਹੋਰ ਬੈਂਕ ਜਾਂ ਕੰਪਨੀ ਨੇ ਕ੍ਰੈਡਿਟ ਕਾਰਡ ’ਤੇ ਪ੍ਰੋਸੈਸਿੰਗ ਚਾਰਜ ਦੀ ਸ਼ੁਰੂਆਤ ਨਹੀਂ ਕੀਤੀ ਹੈ। ਐੱਸ. ਬੀ. ਆਈ. ਦੇ ਫੈਸਲੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਾਰੀਆਂ ਕ੍ਰੈਡਿਟ ਕਾਰਡ ਕੰਪਨੀਆਂ ਪ੍ਰੋਸੈਸਿੰਗ ਫੀਸ ਦੀ ਸ਼ੁਰੂਆਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : EPFO ਦਾ ਅਹਿਮ ਫ਼ੈਸਲਾ, ਹੁਣ ਮੁਲਾਜ਼ਮ ਦੀ ਮੌਤ ਤੋਂ ਬਾਅਦ ਮਿਲੇਗਾ ਦੁੱਗਣਾ ਪੈਸਾ

ਹਰ ਸਾਲ ਵਧ ਰਹੇ ਹਨ ਕ੍ਰੈਡਿਟ ਕਾਰਡ ਯੂਜ਼ਰ

ਐੱਸ. ਬੀ. ਆਈ. ਕਾਰਡ ਨੇ 2018 ’ਚ 16.89 ਲੱਖ, 2019 ’ਚ 20.13 ਲੱਖ, 2020 ’ਚ 22.76 ਲੱਖ ਅਤੇ 2021 ਵਿਚ ਹੁਣ ਤੱਕ 12.74 ਲੱਖ ਕ੍ਰੈਡਿਟ ਕਾਰਡ ਜਾਰੀ ਕੀਤੇ ਹਨ। ਕ੍ਰੈਡਿਟ ਕਾਰਡ ਸੈਕਟਰ ’ਚ ਐੱਚ. ਡੀ. ਐੱਫ. ਸੀ. ਬੈਂਕ ਦਾ ਹਿੱਸਾ 15 ਫੀਸਦੀ ਹੈ। ਐੱਸ. ਬੀ. ਆਈ. ਕਾਰਡ ਦਾ ਹਿੱਸਾ 12.6 ਫੀਸਦੀ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਹਿੱਸਾ 11.7 ਫੀਸਦੀ ਹੈ। ਅਕਤੂਬਰ ’ਚ ਕ੍ਰੈਡਿਟ ਕਾਰਡ ਨਾਲ ਖਰਚੇ ’ਚ 22 ਫੀਸਦੀ ਦੀ ਬੜ੍ਹਤ ਰਹੀ। ਮਹੀਨੇ ਦੇ ਆਧਾਰ ’ਤੇ ਹਰ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਦਾ ਔਸਤ 12.4 ਹਜ਼ਾਰ ਰੁਪਏ ਰਿਹਾ।

ਕਿਸੇ ਵੀ ਖਰੀਦਦਾਰੀ ’ਤੇ ਲੱਗੇਗਾ ਚਾਰਜ

ਐੱਸ. ਬੀ. ਆਈ. ਕ੍ਰੈਡਿਟ ਕਾਰਡ ਦੇ ਇਸ ਫੈਸਲੇ ਨੂੰ ਇੰਝ ਸਮਝਦੇ ਹਾਂ ਕਿ ਮੰਨ ਲਓ ਤੁਸੀਂ ਈ-ਕਾਮਰਸ ਪਲੇਟਫਾਰਮ ਤੋਂ ਕੋਈ ਮੋਬਾਇਲ ਫੋਨ ਖਰੀਦਦੇ ਹੋ। ਇਸ ਦੀ ਪੇਮੈਂਟ ਕਰਨ ’ਤੇ ਤੁਹਾਨੂੰ 99 ਰੁਪਏ ਅਤੇ ਟੈਕਸ ਵੱਖ ਤੋਂ ਦੇਣਾ ਹੋਵੇਗਾ। ਇਹ ਚਾਰਜ ਤੁਹਾਡੇ ਕ੍ਰੈਡਿਟ ਕਾਰਡ ਸਟੇਟਮੈਂਟ ’ਚ ਈ. ਐੱਮ. ਆਈ. ਅਮਾਊਂਟ ਦੇ ਰੂਪ ’ਚ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ :  ਇਸ ਔਰਤ ਨੂੰ ਥੱਪੜ ਮਾਰਨ ਦੇ ਮਿਲਦੇ ਹਨ 600 ਰੁਪਏ ਪ੍ਰਤੀ ਘੰਟਾ, ਜਾਣੋ ਵਜ੍ਹਾ

ਵਿਆਜ ਦੀ ਰਕਮ ਤੋਂ ਬਾਅਦ ਲੱਗੇਗਾ ਚਾਰਜ

ਇਹ ਪ੍ਰੋਸੈਸਿੰਗ ਚਾਰਜ ਵਿਆਜ ਦੀ ਰਕਮ ਤੋਂ ਬਾਅਦ ਲੱਗੇਗਾ। ਕੁੱਝ ਮਾਮਲਿਆਂ ’ਚ ਮਰਚੈਂਟ ਇਸ ਤਰ੍ਹਾਂ ਦੇ ਲੈਣ-ਦੇਣ ’ਤੇ ਛੋਟ ਦਿੰਦੇ ਹਨ। ਗਾਹਕਾਂ ਨੂੰ ਜ਼ੀਰੋ ਕਾਸਟ ਈ. ਐੱਮ. ਆਈ. ਵੀ ਮਿਲਦੀ ਹੈ। ਹੁਣ ਇਨ੍ਹਾਂ ਸਭ ਤੋਂ ਇਲਾਵਾ ਅਜਿਹੇ ਲੈਣ-ਦੇਣ ’ਤੇ ਇਹ ਪ੍ਰੋਸੈਸਿੰਗ ਚਾਰਜ ਵੱਖ ਤੋਂ ਗਾਹਕਾਂ ਨੂੰ ਦੇਣਾ ਹੋਵੇਗਾ। ਇਹ ਫੀਸ ਸਿਰਫ ਉਸੇ ਲੈਣ-ਦੇਣ ’ਤੇ ਲੱਗੇਗੀ, ਜੋ ਈ. ਐੱਮ. ਆਈ. ਵਿਚ ਬਦਲਿਆ ਜਾਵੇਗਾ। ਜੇ ਤੁਹਾਡੀ ਪੇਮੈਂਟ ਫੇਲ ਹੋ ਜਾਂਦੀ ਹੈ ਜਾਂ ਰੱਦ ਹੋ ਜਾਂਦੀ ਹੈ ਤਾਂ ਚਾਰਜ ਵਾਪਸ ਮਿਲ ਜਾਵੇਗਾ।

ਐੱਚ. ਡੀ. ਐੱਫ. ਸੀ. ਬੈਂਕ ਮਾਰਕੀਟ ਲੀਡਰ

ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ ਐੱਚ. ਡੀ. ਐੱਫ. ਸੀ. ਬੈਂਕ ਮਾਰਕੀਟ ਲੀਡਰ ਰਿਹਾ ਹੈ। ਬੈਂਕ ਨੇ ਸਤੰਬਰ ’ਚ 2.44 ਲੱਖ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ। ਦੂਜੇ ਨੰਬਰ ’ਤੇ ਆਈ. ਸੀ. ਆਈ. ਸੀ. ਆਈ. ਬੈਂਕ ਰਿਹਾ, ਜਿਸ ਨੇ 2.33 ਲੱਖ ਕਾਰਡ ਜਾਰੀ ਕੀਤੇ। ਐਕਸਿਸ ਬੈਂਕ ਨੇ 2.02 ਲੱਖ ਅਤੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਨੇ 1.74 ਲੱਖ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ। ਇਸ ਦੇ ਕਾਰਡ ਜਾਰੀ ਕਰਨ ਦੀ ਗਿਣਤੀ ’ਚ 6 ਫੀਸਦੀ ਦੀ ਗਿਰਾਵਟ ਆਈ ਹੈ। ਅੰਕੜੇ ਦੱਸਦੇ ਹਨ ਕਿ ਸਤੰਬਰ ’ਚ ਸਾਰੇ ਬੈਂਕਾਂ ਨੇ ਕੁੱਲ 10.91 ਲੱਖ ਕ੍ਰੈਡਿਟ ਕਾਰਡ ਜਾਰੀ ਕੀਤੇ। 

ਇਹ ਵੀ ਪੜ੍ਹੋ : ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਭੈਣ-ਭਰਾ ਹਰ ਮਹੀਨੇ ਕਮਾਉਂਦੇ ਹਨ 27 ਲੱਖ ਰੁਪਏ, ਜਾਣੋ ਕੀ ਹੈ ਕਾਰੋਬਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News