ਹੋਮ ਲੋਨ ''ਤੇ SBI ਦਾ ਤੋਹਫਾ, ਗਾਹਕਾਂ ''ਤੇ ਘਟੇਗਾ EMI ਦਾ ਭਾਰ

Saturday, Feb 09, 2019 - 08:14 AM (IST)

ਮੁੰਬਈ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ 'ਤੇ ਵਿਆਜ ਦਰਾਂ 'ਚ 0.05 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਦਾ ਫਾਇਦਾ 30 ਲੱਖ ਰੁਪਏ ਤਕ ਦੇ ਕਿਸੇ ਵੀ ਹੋਮ ਲੋਨ 'ਤੇ ਮਿਲੇਗਾ। ਇਸ ਨਾਲ ਗਾਹਕਾਂ 'ਤੇ ਈ. ਐੱਮ. ਆਈ. ਦਾ ਥੋੜ੍ਹਾ ਭਾਰ ਘਟੇਗਾ। ਹਾਲ ਹੀ 'ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ, ਜਿਸ ਦਾ ਫਾਇਦਾ ਸਟੇਟ ਬੈਂਕ ਨੇ ਹੋਮ ਲੋਨ 'ਤੇ ਵਿਆਜ ਦਰਾਂ 'ਚ ਕਟੌਤੀ ਕਰਕੇ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ।

ਬੈਂਕ ਨੇ ਕਿਹਾ, ''ਰਿਜ਼ਰਵ ਬੈਂਕ ਵੱਲੋਂ ਰੇਪੋ ਰੇਟ 'ਚ ਕਟੌਤੀ ਮਗਰੋਂ ਸਾਡਾ ਸਭ ਤੋਂ ਪਹਿਲਾਂ ਬੈਂਕ ਹੈ ਜਿਸ ਨੇ 30 ਲੱਖ ਰੁਪਏ ਤਕ ਦੇ ਹੋਮ ਲੋਨ 'ਤੇ ਵਿਆਜ ਘਟਾਇਆ ਹੈ।'' ਐੱਸ. ਬੀ. ਆਈ. ਨੇ ਕਿਹਾ ਕਿ ਉਸ ਨੇ ਮਿਡਲ ਕਲਾਸ ਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਇਹ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੀਤੇ ਵੀਰਵਾਰ ਚਾਲੂ ਮਾਲੀ ਸਾਲ ਦੀ ਅੰਤਿਮ ਕਰੰਸੀ ਨੀਤੀ ਸਮੀਖਿਆ 'ਚ ਰੇਪੋ ਰੇਟ ਨੂੰ 0.25 ਫੀਸਦੀ ਘਟਾ ਕੇ 6.25 ਫੀਸਦੀ ਕਰ ਦਿੱਤਾ ਸੀ।

ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਹੋਣ ਦੇ ਨਾਤੇ ਅਸੀਂ ਹਮੇਸ਼ਾ ਗਾਹਕਾਂ ਦੇ ਹਿੱਤ ਨੂੰ ਸਭ ਤੋਂ ਉੱਪਰ ਰੱਖਦੇ ਹਾਂ। ਉਨ੍ਹਾਂ ਕਿਹਾ, ''ਹੋਮ ਲੋਨ ਬਾਜ਼ਾਰ 'ਚ ਐੱਸ. ਬੀ. ਆਈ. ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਅਜਿਹੇ 'ਚ ਇਹ ਸਹੀ ਹੋਵੇਗਾ ਕਿ ਅਸੀਂ ਕੇਂਦਰੀ ਬੈਂਕ ਵੱਲੋਂ ਦਰਾਂ 'ਚ ਕਟੌਤੀ ਦਾ ਫਾਇਦਾ ਘੱਟ ਆਮਦਨ ਵਾਲੇ ਲੋਕਾਂ ਤੇ ਮਿਡਲ ਕਲਾਸ ਨੂੰ ਉਪਲੱਬਧ ਕਰਾਈਏ।''
ਜ਼ਿਕਰਯੋਗ ਹੈ ਕਿ ਐੱਸ. ਬੀ. ਆਈ. ਜਾਇਦਾਦ, ਜਮ੍ਹਾ, ਬ੍ਰਾਂਚਾਂ ਅਤੇ ਕਰਮਚਾਰੀਆਂ ਦੀ ਗਿਣਤੀ ਦੇ ਲਿਹਾਜ ਨਾਲ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। 30 ਸਤੰਬਰ 2018 ਤਕ ਬੈਂਕ ਕੋਲ ਜਮ੍ਹਾ ਰਾਸ਼ੀ ਦੇ ਤੌਰ 'ਤੇ 28.07 ਲੱਖ ਕਰੋੜ ਰੁਪਏ ਸਨ। ਹੋਮ ਲੋਨ ਬਾਜ਼ਾਰ 'ਚ ਐੱਸ. ਬੀ. ਆਈ. ਦੀ ਹਿੱਸੇਦਾਰੀ 34.28 ਫੀਸਦੀ ਅਤੇ ਵਾਹਨ ਕਰਜ਼ ਬਾਜ਼ਾਰ 'ਚ 34.27 ਫੀਸਦੀ ਹੈ।


Related News