ਸਾਊਦੀ ਅਰਬ ਨੇ ਭਾਰਤ ਦੀ ਮੰਗ ਨੂੰ ਕੀਤਾ ਨਜ਼ਰਅੰਦਾਜ਼, ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ
Saturday, Mar 27, 2021 - 04:31 PM (IST)
ਨਵੀਂ ਦਿੱਲੀ (ਭਾਸ਼ਾ) – ਸਾਊਦੀ ਅਰਬ ਨੇ ਉਤਪਾਦਨ ਕੰਟਰੋਲ ਨੂੰ ਘੱਟ ਕਰਨ ਦੀ ਭਾਰਤ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਅਜਿਹੇ ’ਚ ਭਾਰਤ ਨੇ ਕਿਹਾ ਹੈ ਕਿ ਉਹ ਕੱਚੇ ਤੇਲ ਦੀ ਖਰੀਦ ਕਿਸੇ ਅਜਿਹੇ ਦੇਸ਼ ਤੋਂ ਕਰੇਗਾ ਜੋ ਅਨੁਕੂਲ ਕਾਰੋਬਾਰੀ ਸ਼ਰਤਾਂ ਨਾਲ ਸਸਤੀਆਂ ਦਰਾਂ ’ਤੇ ਪੇਸ਼ਕਸ਼ ਕਰੇਗਾ।
ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਦਰਾਮਦਕਾਰ ਦੇਸ਼ ਭਾਰਤ ਦੀਆਂ ਰਿਫਾਇਨਰੀ ਕੰਪਨੀਆਂ ਸਪਲਾਈ ’ਚ ਭਿੰਨਤਾ ਲਈ ਪੱਛਮੀ ਏਸ਼ੀਆ ਦੇ ਬਾਹਰ ਤੋਂ ਵਧੇਰੇ ਤੇਲ ਦੀ ਖਰੀਦ ਕਰ ਰਹੀਆਂ ਹਨ।
ਫਰਵਰੀ ’ਚ ਅਮਰੀਕਾ, ਸਾਊਦੀ ਅਰਬ ਨੂੰ ਪਿੱਛੇ ਛੱਡ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਪਲਾਈਕਰਤਾ ਬਣ ਗਿਆ ਸੀ ਪਰ ਇਹ ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਅਤੇ ਉਸ ਦੇ ਹੋਰ ਸਹਿਯੋਗੀਆਂ (ਓਪੇਕ ਪਲੱਸ) ਦੇ ਉਤਪਾਦਨ ’ਚ ਸਖਤੀ ਵਰਤਣ ਦੇ ਚਾਰ ਮਾਰਚ ਦੇ ਫੈਸਲੇ ਤੋਂ ਪਹਿਲਾਂ ਦੀ ਗੱਲ ਹੈ।
ਟਾਈਮਸ ਨੈੱਟਵਰਕ ਦੇ ਭਾਰਤ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਦਰਾਮਦ ’ਤੇ ਫੈਸਲੇ ਤੋਂ ਪਹਿਲਾਂ ਭਾਰਤ ਆਪਣੇ ਹਿੱਤਾਂ ਦਾ ਧਿਆਨ ਰੱਖੇਗਾ।
ਸਾਊਦੀ ਅਰਬ ਦਾ ਊਰਜਾ ਮੰਤਰੀ ਅਬਦੁਲਅਜੀਜ ਬਿਨ ਸਲਮਾਨ ਨੇ ਭਾਰਤ ਨੂੰ ਕਿਹਾ ਸੀ ਕਿ ਉਹ ਉਤਪਾਦਕਾਂ ਨੂੰ ਉਤਪਦਾਨ ਵਧਾਉਣ ਨੂੰ ਕਹਿਣ ਦੀ ਥਾਂ ਪਿਛਲੇ ਸਾਲ ਬੇਹੱਦ ਘੱਟ ਕੀਮਤ ’ਤੇ ਖਰੀਦੇ ਗਏ ਕੱਚੇ ਤੇਲ ਦੀ ਵਰਤੋਂ ਕਰੇ। ਪ੍ਰਧਾਨ ਨੇ ਕਿਹਾ ਕਿ ਸਾਊਦੀ ਅਰਬ ਦੇ ਊਰਜਾ ਮੰਤਰੀ ਦਾ ਇਹ ਬਿਆਨ ਇਕ ‘ਨਜ਼ਦੀਕੀ ਮਿੱਤਰ’ ਦਾ ਗੈਰ-ਕੂਟਨੀਤਿਕ ਬਿਆਨ ਹੈ। ਪ੍ਰਧਾਨ ਨੇ ਕਿਹਾ ਕਿ ਭਾਰਤ ਰਣਨੀਤਿਕ ਅਤੇ ਆਰਥਿਕ ਫੈਸਲੇ ਕਰਦੇ ਸਮੇਂ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖੇਗਾ।