ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬਾਂਸਲ ਵਾਪਸੀ ਲਈ ਤਿਆਰ
Tuesday, Nov 27, 2018 - 01:56 PM (IST)
ਨਵੀਂ ਦਿੱਲੀ — ਫਲਿੱਪਕਾਰਟ ਦੇ ਸਹਿ-ਸੰਸਥਾਪਕ ਸਚਿਨ ਬਾਂਸਲ ਇਕ ਵਾਰ ਫਿਰ ਵਾਪਸੀ ਲਈ ਤਿਆਰ ਹਨ। ਵਾਲਮਾਰਟ ਨੂੰ 20 ਅਰਬ ਡਾਲਰ 'ਚ ਫਲਿੱਪਕਾਰਟ ਵੇਚਣ ਤੋਂ ਬਾਅਦ ਸਚਿਨ ਨੇ ਮਈ ਮਹੀਨੇ ਵਿਚ ਕੰਪਨੀ ਨੂੰ ਛੱਡ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸਚਿਨ ਦੀ ਨਜ਼ਰ ਐਗਰੀਟੈਕ ਅਤੇ ਫਿਨਟੇਕ ਸੈਕਟਰ 'ਚ ਹੈ। ਜਾਣਕਾਰੀ ਮੁਤਾਬਕ ਸਚਿਨ ਬਾਂਸਲ ਇਕ ਹੋਲਡਿੰਗ ਕੰਪਨੀ ਬਣਾਉਣਗੇ ਅਤੇ ਉਸ ਦੇ ਜ਼ਰੀਏ ਆਪਣਾ ਨਵਾਂ ਕਾਰੋਬਾਰ ਖੜ੍ਹਾ ਕਰਨਗੇ। ਇਸ ਕੰਪਨੀ ਦੇ ਜ਼ਰੀਏ ਉਹ ਨਵੇਂ ਵੈਂਚਰ 'ਚ ਨਿਵੇਸ਼ ਵੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਸਚਿਨ ਬਾਂਸਲ ਨੇ ਆਪਣੇ ਨਵੇਂ ਵੈਂਚਰ 'ਚ ਅੰਕਿਤ ਅਗਰਵਾਲ ਨੂੰ ਸਾਂਝੇਦਾਰ ਬਣਾਇਆ ਹੈ। ਸਚਿਨ ਬਾਂਸਲ ਅਤੇ ਅੰਕਿਤ ਅਗਰਵਾਲ ਇਕ ਦੂਜੇ ਨੂੰ ਆਈ.ਆਈ.ਟੀ. ਦਿੱਲੀ ਦੇ ਸਮੇਂ ਤੋਂ ਜਾਣਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਅੰਕਿਤ ਅਗਰਵਾਲ ਸਾਂਝੇਦਾਰ ਹੋਣ ਦੇ ਨਾਲ-ਨਾਲ ਇਸ ਪਲੇਟਫਾਰਮ ਦੇ ਫਾਂਊਡਿੰਗ ਕਰਮਚਾਰੀ ਵੀ ਹਨ। ਉਹ ਆਪਣਾ ਨਵਾਂ ਕਾਰੋਬਾਰ ਖੁਦ ਚਲਾਉਣਗੇ ਅਤੇ ਐਗ੍ਰੀਟੈਕ ਅਤੇ ਫਿਨਟੈਕ ਕੰਪਨੀਆਂ ਵਿਚ ਛੋਟੀ ਅਤੇ ਕੰਟਰੋਲਿੰਗ ਹਿੱਸੇਦਾਰੀ ਲੈਣਗੇ। ਉਨ੍ਹਾਂ ਵਿਚੋਂ ਇਕ ਨੇ ਕਿਹਾ,'ਬਾਂਸਲ ਕਈ ਸੈਗਮੈਂਟ ਵਿਚ ਨਿਵੇਸ਼ ਕਰਨ 'ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਵਿਚ ਐਗਰੀਟੈਕ ਅਤੇ ਫਿਨਟੈਕ ਵੀ ਸ਼ਾਮਲ ਹੈ। ਇਨ੍ਹਾਂ ਦੋਵਾਂ ਸੈਗਮੈਂਟ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ। ਅਜਿਹਾ ਲਗ ਰਿਹਾ ਹੈ ਕਿ ਉਹ ਜ਼ਿਆਦਾ ਨਿਵੇਸ਼ ਇਨ੍ਹਾਂ ਦੋ ਸੈਗਮੈਂਟ ਵਿਚ ਹੀ ਕਰਨਗੇ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਹੋਲਡਿੰਗ ਕੰਪਨੀਆਂ ਕਦੋਂ ਸ਼ੁਰੂ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅੰਕਿਤ ਅਗਰਵਾਲ ਹੁਣ ਤੱਕ ਬੈਂਕ ਆਫ ਅਮਰੀਕਾ ਦੇ ਡਾਇਰੈਕਟਰ ਸਨ। ਉਥੇ ਉਹ ਵਿਆਜ ਦਰ ਟ੍ਰੇਡਿੰਗ 'ਤੇ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਡੋਅਚੇ ਬੈਂਕ ਦੇ ਕਰਮਚਾਰੀ ਸਨ। ਬਾਂਸਲ ਨੇ ਫਲਿੱਪਕਾਰਟ ਵਿਚ ਆਪਣੀ 5 ਫੀਸਦੀ ਹਿੱਸੇਦਾਰੀ1 ਅਰਬ ਡਾਲਰ ਵਿਚ ਇਸ ਸਾਲ ਉਸ ਸਮੇਂ ਵੇਚੀ ਸੀ ਜਦੋਂ ਵਾਲਮਾਰਟ ਨੇ ਇਸ ਵਿਚ 77 ਫੀਸਦੀ ਹਿੱਸੇਦਾਰੀ ਖਰੀਦੀ ਸੀ। ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਇਸ ਵਿਚੋਂ ਉਨ੍ਹਾਂ ਕੋਲ 75-76 ਕਰੋੜ ਡਾਲਰ ਬਚੇ ਹੋਣਗੇ। ਫਲਿੱਪਕਾਰਟ ਤੋਂ ਵੱਖ ਹੋਣ ਤੋਂ ਬਾਅਦ ਬਾਂਸਲ ਦੇਸ਼ ਵਿਚ ਇੰਟਰਨੈੱਟ ਕੰਪਨੀਆਂ 'ਚ ਨਿਵੇਸ਼ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਨ। ਓਲਾ ਵਿਚ 10 ਕਰੋੜ ਦੇ ਨਿਵੇਸ਼ ਲਈ ਉਹ ਆਖਰੀ ਦੌਰ ਦੀ ਗੱਲਬਾਤ ਕਰ ਰਹੇ ਹਨ। ਇਸ ਸੌਦੇ ਵਿਚ ਉਹ ਕੁਝ ਸ਼ੇਅਰ ਨਿਊਯਾਰਕ ਬੇਸਡ ਨਿਵੇਸ਼ ਫਰਮ ਟਾਈਗਰ ਗਲੋਬਲ ਤੋਂ ਖਰੀਦਣਗੇ।
