ਰੂਸ-ਯੂਕ੍ਰੇਨ ਸੰਘਰਸ਼ ਨਾਲ ਦੁਨੀਆ ਭਰ ਦੀ ਆਟੋ ਇੰਡਸਟਰੀ ’ਤੇ ਮਾੜਾ ਅਸਰ, ਭਾਰਤ ਦੀ ਵਧੀ ਚਿੰਤਾ
Saturday, Mar 12, 2022 - 11:03 AM (IST)
 
            
            ਨਵੀਂ ਦਿੱਲੀ (ਇੰਟ.) – ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ’ਤੇ ਹੁਣ ਰੂਸ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਰੂਸ ਨੇ 200 ਤੋਂ ਵੱਧ ਕਾਰ ਅਤੇ ਆਟੋ ਪਾਰਟਸ ਦੀ ਬਰਾਮਦ ’ਤੇ ਰੋਕ ਲਗਾ ਦਿੱਤੀ ਹੈ। ਰੂਸ-ਯੂਕ੍ਰੇਨ ਸੰਘਰਸ਼ ਨਾਲ ਨਾ ਸਿਰਫ ਰੂਸ ’ਚ ਸਗੋਂ ਦੁਨੀਆ ਭਰ ’ਚ ਆਟੋ ਇੰਡਸਟਰੀ ’ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ’ਚ ਆਟੋ ਨਿਰਮਾਤਾਵਾਂ ਦੇ ਸਾਹਮਣੇ ਚੱਲ ਰਹੇ ਸੈਮੀਕੰਡਕਟਰ ਸੰਕਟ ਹੋਰ ਡੂੰਘਾ ਹੋ ਜਾਏਗਾ।
ਕਾਰ ਅਤੇ ਆਟੋ ਪਾਰਟਸ ਦੀ ਬਰਾਮਦ ’ਤੇ ਰੂਸ ਦੀ ਪਾਬੰਦੀ ਇਸ ਸਾਲ ਦੇ ਅਖੀਰ ਤੱਕ ਰਹੇਗੀ। ਰੂਸ ਦੀ ਬਰਾਮਦ ਸੂਚੀ ਤੋਂ ਹਟਾਈਆਂ ਗਈਆਂ ਵਸਤਾਂ ’ਚ ਵਾਹਨ, ਦੂਰਸੰਚਾਰ, ਮੈਡੀਕਲ, ਖੇਤੀਬਾੜੀ, ਇਲੈਕਟ੍ਰਿਕ ਉਪਕਰਨ ਅਤੇ ਲੱਕੜੀ ਸ਼ਾਮਲ ਹਨ। ਇਸ ਨੂੰ ਲੈ ਕੇ ਰੂਸ ਨੇ ਕਿਹਾ ਕਿ ਉਸ ਨੇ ਰੂਸ ਖਿਲਾਫ ਵਿਰੋਧੀ ਕਾਰਵਾਈ ਕਰਨ ਵਾਲੇ ਸੂਬਿਆਂ ਨੂੰ ਕਈ ਤਰ੍ਹਾਂ ਦੀ ਲੱਕੜੀ ਅਤੇ ਲੱਕੜੀ ਦੇ ਉਤਪਾਦਾਂ ਦੀ ਬਰਾਮਦ ਨੂੰ ਟਾਲ ਦਿੱਤਾ ਹੈ। ਰੂਸ ਦੇ ਵਿੱਤ ਮੰਤਰਾਲਾ ਨੇ ਕਿਹਾ ਕਿ ਇਹ ਉਪਾਅ ਰੂਸ ਖਿਲਾਫ ਲਗਾਏ ਗਏ ਲੋਕਾਂ ਲਈ ਇਕ ਲਾਜ਼ੀਕਲ ਪ੍ਰਤੀਕਿਰਿਆ ਹੈ ਅਤੇ ਇਸ ਦਾ ਟੀਚਾ ਅਰਥਵਿਵਸਥਾ ਦੇ ਪ੍ਰਮੁੱਖ ਖੇਤਰਾਂ ਦੇ ਬੇਰੋਕ ਕੰਮਕਾਜ ਨੂੰ ਯਕੀਨੀ ਕਰਨਾ ਹੈ।
ਇਹ ਵੀ ਪੜ੍ਹੋ : ਹੁਣ ਸੋਇਆ ਉਤਪਾਦਾਂ 'ਤੇ ਵੀ ਹੋਵੇਗਾ ISI ਮਾਰਕ, ਸਰਕਾਰ ਦਾ ਆਦੇਸ਼
ਇਹ ਕਦਮ ਰੂਸ ਵਲੋਂ ਰੂਸ ਤੋਂ ਬਾਹਰ ਨਿਕਲਣ ਵਾਲੀਆਂ ਪੱਛਮੀ ਕੰਪਨੀਆਂ ਦੀ ਮਲਕੀਅਤ ਵਾਲੀਆਂ ਸਾਰੀਆਂ ਜਾਇਦਾਦਾਂ ਦਾ ਰਾਸ਼ਟਰੀਕਰਨ ਕਰਨ ਦੀ ਧਮਕੀ ਦਰਮਿਆਨ ਆਇਆ ਸੀ। ਪਿਛਲੇ ਮਹੀਨੇ ਸੰਘਰਸ਼ ਵਧਣ ਤੋਂ ਬਾਅਦ ਕਈ ਕਾਰ ਨਿਰਮਾਤਾਵਾਂ ਨੇ ਰੂਸ ’ਚ ਆਪ੍ਰੇਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਕੰਪਨੀਆਂ ’ਚ ਹੌਂਡਾ, ਟੋਯੋਟਾ, ਫਾਕਸਵੈਗਨ, ਜਨਰਲ ਮੋਟਰਜ਼, ਜਗੁਆਰ ਲੈਂਡ ਰੋਵਰ, ਮਰਸਿਡੀਜ਼-ਬੈਂਜ ਵਰਗੇ ਕਾਰ ਨਿਰਮਾਤਾ ਸ਼ਾਮਲ ਹਨ।
ਜੀਪ, ਫਿਏਟ ਅਤੇ ਪਿਊਜੋ ਵਰਗੇ ਬ੍ਰਾਂਡਸ ਦੇ ਮਾਲਕ ਸਟੇਲੰਟਿਸ ਵੀ ਵੀਰਵਾਰ ਨੂੰ ਇਸ ਲਿਸਟ ’ਚ ਸ਼ਾਮਲ ਹੋ ਗਏ ਹਨ। ਕੰਪਨੀ ਨੇ ਕਿਹਾ ਕਿ ਉਸ ਨੇ ਰੂਸ ਨੂੰ ਕਾਰਾਂ ਦੀ ਦਰਾਮਦ ਅਤੇ ਬਰਾਮਦ ਨੂੰ ਰੱਦ ਕਰ ਦਿੱਤਾ ਹੈ। ਸਟੇਲੰਟਿਸ ਦਾ ਰੂਸ ਦੇ ਕਲੁਗਾ ’ਚ ਇਕ ਮੈਨੁਫੈਕਚਰਿੰਗ ਪਲਾਂਟ ਹੈ, ਜਿਸ ਦੀ ਮਲਕੀਅਤ ਮਿਤਸੁਬਿਸ਼ੀ ਨਾਲ ਪਾਰਟਨਰਸ਼ਿਪ ’ਚ ਹੈ।
ਰੂਸ ਦੇ ਪ੍ਰਮੁੱਖ ਵਿਦੇਸ਼ੀ ਕਾਰ ਨਿਰਮਾਤਾ ’ਚੋਂ ਇਕ ਹੁੰਡਈ ਨੇ ਹਾਲ ਹੀ ’ਚ ਐਲਾਨ ਕੀਤਾ ਕਿ ਉਹ ਸਪਲਾਈ ਚੇਨ ਦੀ ਰੁਕਾਵਟ ਕਾਰਨ ਇਸ ਨੂੰ ਕੁੱਝ ਸਮੇਂ ਲਈ ਰੋਕਣ ਤੋਂ ਬਾਅਦ ਉਤਪਾਦਨ ਮੁੜ ਸ਼ੁਰੂ ਕਰਨਾ ਚਾਹੁੰਦੀ ਹੈ। ਹਾਲਾਂਕਿ ਜੇ ਕਾਰਾਂ ਅਤੇ ਆਟੋ ਪਾਰਟਸ ਦੀ ਬਰਾਮਦ ’ਤੇ ਰੂਸ ਦੀ ਪਾਬੰਦੀ ਰਹਿੰਦੀ ਹੈ ਤਾਂ ਹੁੰਡਈ ਲਈ ਆਪ੍ਰੇਟਿੰਗ ਮੁੜ ਸ਼ੁਰੂ ਕਰਨਾ ਮੁਸ਼ਕਲ ਹੋ ਸਕਦਾ ਹੈ।
ਇਹ ਵੀ ਪੜ੍ਹੋ : SEBI ਨੇ ਜਾਰੀ ਕੀਤੀ ਸੂਚੀ, ਨਿਵੇਸ਼ਕਾਂ ਦਾ ਪੈਸਾ ਲੈ ਕੇ ਭੱਜੇ ਇਨ੍ਹਾਂ ਡਿਫਾਲਟਰਾਂ ਦਾ ਨਹੀਂ ਮਿਲ ਰਿਹਾ ਸੁਰਾਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            