ਮੂਧੇ ਮੂੰਹ ਡਿਗੇ ਰੂਬਲ, ਸੰਭਾਲਣ ਲਈ ਰੂਸੀ ਸੈਂਟਰਲ ਬੈਂਕ ਨੇ ਪ੍ਰਮੁੱਖ ਦਰ 20 ਫੀਸਦੀ ਵਧਾਈ

Tuesday, Mar 01, 2022 - 11:48 AM (IST)

ਮਾਸਕੋ (ਭਾਸ਼ਾ) – ਰੂਸੀ ਮੁਦਰਾ ਰੂਬਲ ਨੂੰ ਸੰਭਾਲਣ ਲਈ ਉੱਥੋਂ ਦੇ ਸੈਂਟਰਲ ਬੈਂਕ ਨੇ ਇਕ ਨਿਰਾਸ਼ਾ ਭਰੀ ਕੋਸ਼ਿਸ਼ ਕੀਤੀ ਹੈ। ਇਸੇ ਦੇ ਤਹਿਤ ਬੈਂਕ ਨੇ ਆਪਣੀ ਪ੍ਰਮੁੱਖ ਦਰ ਨੂੰ 9.5 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਵਲੋਂ ਸਵਿਫਟ ਕੌਮਾਂਤਰੀ ਭੁਗਤਾਨ ਪ੍ਰਣਾਲੀ ਚੋਂ ਰੂਸੀ ਬੈਂਕਾਂ ਨੂੰ ਬਾਹਰ ਕਰਨ ਤੋਂ ਬਾਅਦ ਸੋਮਵਾਰ ਤੜਕੇ ਅਮਰੀਕੀ ਡਾਲਰ ਦੇ ਮੁਕਾਬਲੇ ਰੂਬਲ ਲਗਭਗ 26 ਫੀਸਦੀ ਟੁੱਟ ਗਿਆ ਸੀ।

ਪੱਛਮੀ ਦੇਸ਼ਾਂ ਵਲੋਂ ਰੂਸ ਦੇ ਵਟਾਂਦਰੇਯੋਗ ਮੁਦਰਾ ਭੰਡਾਰ ’ਤੇ ਰੋਕ ਲਗਾਉਣ ਤੋਂ ਬਾਅਦ ਮੁਦਰਾ ਦੀ ਗਿਰਾਵਟ ਥੰਮਣ ਲਈ ਸੈਂਟਰਲ ਬੈਂਕ ਨੇ ਇਹ ਕਦਮ ਚੁੱਕਿਆ। ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਰੋਕ ਨਾਲ ਰੂਸ ਦਾ ਵਟਾਂਦਰੇਯੋਗ ਮੁਦਰਾ ਭੰਡਾਰ ਕਿੰਨਾ ਪ੍ਰਭਾਵਿਤ ਹੋਵੇਗਾ। ਯੂਰਪੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਰੂਸ ਦੇ 640 ਅਰਬ ਅਮਰੀਕੀ ਡਾਲਰ ਦੇ ਭੰਡਾਰ ਦਾ ਅੱਧਾ ਹਿੱਸਾ ਪ੍ਰਭਾਵਿਤ ਹੋਵੇਗਾ।

ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸ ਆਰਥਿਕ ਤੌਰ ’ਤੇ ਕਮਜ਼ੋਰ ਹੋ ਰਿਹਾ ਹੈ। ਤਾਂ ਹੀ ਤਾਂ ਪਿਛਲੇ ਕੁੱਝ ਦਿਨਾਂ ’ਚ ਰੂਸੀ ਕਰੰਸੀ ਰੂਬਲ ਯੂ. ਐੱਸ. ਡਾਲਰ ਦੇ ਮੁਕਾਬਲੇ 117 ’ਤੇ ਆ ਗਿਆ ਹੈ। ਇਹ 41 ਫੀਸਦੀ ਦੀ ਗਿਰਾਵਟ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਯੂਰਪੀ ਯੂਨੀਅਨ ਵਲੋਂ ਰੂਸ ’ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਨਤੀਜਾ ਹੈ।

ਬੈਂਕਾਂ ਦੇ ਬਾਹਰ ਲੱਗ ਰਹੀਆਂ ਹਨ ਲੰਮੀਆਂ ਲਾਈਨਾਂ

ਰੂਸੀ ਕਰੰਸੀ ਦੇ ਡਿਗਦੇ ਪੱਧਰ ਨੂੰ ਦੇਖਦੇ ਹੋਏ ਬੈਂਕਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਘਬਰਾਏ ਲੋਕ ਆਪਣੇ ਪੈਸੇ ਵਾਪਸ ਲੈਣਾ ਚਾਹੁੰਦੇ ਹਨ। ਰੂਸੀ ਸੈਂਟਰਲ ਬੈਂਕ ਨੇ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਪੈਸਾ ਕੱਢਣ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਹੈ ਪਰ ਬੈਂਕ ਦੀਆਂ ਬ੍ਰਾਂਚਾਂ ਦੇ ਅੱਗੇ ਲੱਗ ਰਹੀ ਭੀੜ ਨੂੰ ਦੇਖਦੇ ਹੋਏ ਇੰਝ ਲਗਦਾ ਹੈ ਜਿਵੇਂ ਲੋਕਾਂ ਨੂੰ ਹੁਣ ਇਸ ’ਤੇ ਭਰੋਸਾ ਨਹੀਂ ਹੋ ਰਿਹਾ।


Harinder Kaur

Content Editor

Related News