ਬੈਂਕ ''ਚ ਹੈ ਪਤਨੀ ਦੇ ਨਾਮ ''ਤੇ ਖਾਤਾ ਤਾਂ ਇਹ ਗਲਤੀ ਪਵੇਗੀ ਭਾਰੀ, ਜਾਣ ਲਓ ਨਿਯਮ

Friday, Oct 26, 2018 - 02:46 PM (IST)

ਨਵੀਂ ਦਿੱਲੀ— ਤੁਹਾਡੀ ਪਤਨੀ ਦੇ ਨਾਮ 'ਤੇ ਬੈਂਕ ਖਾਤਾ ਹੈ ਅਤੇ ਉਹ ਵਰਕਿੰਗ ਨਹੀਂ ਹੈ ਤਾਂ ਤੁਸੀਂ ਖਾਤੇ 'ਚ ਜਮ੍ਹਾ ਰਕਮ ਨੂੰ ਨਜ਼ਰਅੰਦਾਜ ਕਰਨ ਦੀ ਗਲਤੀ ਨਹੀਂ ਕਰ ਸਕਦੇ ਹੋ। ਇਨਕਮ ਟੈਕਸ ਰਿਟਰਨ ਭਰਨ 'ਚ ਜੇਕਰ ਤੁਸੀਂ ਇਸ ਖਾਤੇ ਦੀ ਜਾਣਕਾਰੀ ਨਹੀਂ ਦਿੰਦੇ ਹੋ ਤਾਂ ਇਨਕਮ ਟੈਕਸ ਵਿਭਾਗ ਆਮਦਨ ਲੁਕਾਉਣ ਦੇ ਮਾਮਲੇ 'ਚ ਤੁਹਾਡੇ 'ਤੇ ਕਾਰਵਾਈ ਕਰ ਸਕਦਾ ਹੈ। ਜੇਕਰ ਤੁਹਾਡੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਨਿਯਮਾਂ ਮੁਤਾਬਕ ਤੁਹਾਡੇ ਲਈ ਰਿਟਰਨ ਭਰਨਾ ਜ਼ਰੂਰੀ ਹੈ। ਰਿਟਰਨ ਨਾ ਭਰਨ 'ਤੇ ਤੁਹਾਨੂੰ ਜਾਂਚ ਅਤੇ ਜੁਰਾਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਰਿਟਰਨ 'ਚ ਤੁਹਾਨੂੰ ਆਪਣੇ ਸਾਰੇ ਬੈਂਕ ਖਾਤਿਆਂ ਦੇ ਨਾਲ ਪਤਨੀ ਦੇ ਨਾਮ 'ਤੇ ਚੱਲ ਰਹੇ ਬੈਂਕ ਖਾਤੇ ਬਾਰੇ ਦੱਸਣਾ ਵੀ ਜ਼ਰੂਰੀ ਹੈ। ਇਕ ਚਾਰਟਡ ਲੇਖਾਕਾਰ ਮੁਤਾਬਕ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਡੀ ਪਤਨੀ ਜਾਂ ਤੁਹਾਡੇ ਕੋਲੋਂ ਖਾਤੇ 'ਚ ਜਮ੍ਹਾ ਰਕਮ ਦਾ ਸਰੋਤ ਪੁੱਛ ਸਕਦਾ ਹੈ। 

ਬਣ ਸਕਦਾ ਹੈ ਆਮਦਨ ਲੁਕਾਉਣ ਦਾ ਮਾਮਲਾ
ਜੇਕਰ ਤੁਸੀਂ ਆਪਣੀ ਪਤਨੀ ਦੇ ਨਾਮ 'ਤੇ ਚੱਲ ਰਹੇ ਬੈਂਕ ਖਾਤੇ ਨੂੰ ਰਿਟਰਨ 'ਚ ਨਹੀਂ ਦੱਸਦੇ ਹੋ ਅਤੇ ਇਨਕਮ ਟੈਕਸ ਵਿਭਾਗ ਤੁਹਾਡੀ ਪਤਨੀ ਦੇ ਖਾਤੇ ਨੂੰ ਟਰੈਕ ਕਰ ਲੈਂਦਾ ਹੈ ਤਾਂ ਖਾਤੇ 'ਚ ਜਮ੍ਹਾ ਰਕਮ ਦੇ ਆਧਾਰ 'ਤੇ ਤੁਹਾਡੇ 'ਤੇ ਆਮਦਨ ਲੁਕਾਉਣ ਦਾ ਮਾਮਲਾ ਬਣ ਸਕਦਾ ਹੈ। ਅਜਿਹੇ 'ਚ ਤੁਹਾਨੂੰ ਇਸ ਰਕਮ 'ਤੇ ਟੈਕਸ ਦੇ ਨਾਲ ਜੁਰਮਾਨਾ ਵੀ ਦੇਣਾ ਪਵੇਗਾ। ਹਾਲਾਂਕਿ ਜੇਕਰ ਤੁਹਾਡੇ ਕੋਲ ਇਸ ਦੇ ਸਾਰੇ ਸਬੂਤ ਹਨ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਨਿਯਮ ਸਿਰਫ ਉਨ੍ਹਾਂ ਲੋਕਾਂ ਲਈ ਸਖਤ ਹਨ, ਜੋ ਟੈਕਸ ਬਚਾਉਣ ਲਈ ਗਲਤ ਤਰੀਕੇ ਨਾਲ ਆਮਦਨ ਲੁਕਾਉਂਦੇ ਹਨ। 

ਮੰਨਿਆ ਜਾਵੇਗਾ ਤੁਹਾਡੀ ਆਮਦਨ ਦਾ ਪੈਸਾ
ਜੇਕਰ ਤੁਹਾਡੀ ਪਤਨੀ ਦੇ ਬੈਂਕ ਖਾਤੇ 'ਚ ਪੈਸਾ ਜਮ੍ਹਾ ਹੈ ਅਤੇ ਉਹ ਸਿਰਫ ਘਰੇਲੂ ਕੰਮਕਾਰ ਕਰਦੀ ਹੈ ਤਾਂ ਇਹ ਪੈਸਾ ਤੁਹਾਡੀ ਆਮਦਨ ਦਾ ਮੰਨਿਆ ਜਾਵੇਗਾ। ਹਾਲਾਂਕਿ ਜੇਕਰ ਤੁਸੀਂ ਇਹ ਸਾਬਤ ਕਰ ਦਿੰਦੇ ਹੋ ਕਿ ਤੁਹਾਡੀ ਪਤਨੀ ਦੇ ਖਾਤੇ 'ਚ ਜਮ੍ਹਾ ਪੈਸਾ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲੋਂ ਗਿਫਟ ਦੇ ਤੌਰ 'ਤੇ ਮਿਲਿਆ ਹੈ ਤਾਂ ਇਹ ਪੈਸਾ ਤੁਹਾਡੀ ਆਮਦਨ ਦੇ ਦਾਇਰੇ ਤੋਂ ਬਾਹਰ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚਿਆਂ ਦੇ ਨਾਮ 'ਤੇ ਖਾਤਾ ਹੈ ਤਾਂ ਤੁਹਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਇਹ ਪੈਸਾ ਤੁਹਾਡੇ ਵੱਲੋਂ ਦੱਸੀ ਗਈ ਆਮਦਨ ਦਾ ਹਿੱਸਾ ਹੈ। ਵਰਨਾ ਤੁਸੀਂ ਇਸ ਵਜ੍ਹਾ ਨਾਲ ਵੀ ਮੁਸ਼ਕਲ 'ਚ ਪੈ ਸਕਦੇ ਹੋ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਡਰਣ ਦੀ ਜ਼ਰੂਰਤ ਨਹੀਂ ਹੈ, ਜੋ ਆਪਣੀ ਆਮਦਨ ਦਾ ਹਿੱਸਾ ਆਪਣੀ ਪਤਨੀ ਜਾਂ ਬੱਚਿਆਂ ਦੇ ਖਾਤੇ 'ਚ ਜਮ੍ਹਾ ਕਰਵਾਉਂਦੇ ਹਨ। ਇਨਕਮ ਟੈਕਸ ਵਿਭਾਗ ਸਿਰਫ ਉਨ੍ਹਾਂ ਕੋਲੋਂ ਸਵਾਲ ਪੁੱਛਦਾ ਹੈ, ਜੋ ਟੈਕਸ ਤੋਂ ਬਚਣ ਲਈ ਆਪਣਾ ਪੈਸਾ ਕਿਸੇ ਹੋਰ ਖਾਤੇ 'ਚ ਜਮ੍ਹਾ ਕਰਾ ਕੇ ਆਪਣੀ ਆਮਦਨ ਘੱਟ ਦੱਸਦੇ ਹਨ।


Related News